ਕੁੜੀ ਵਾਲਿਆਂ ਨੇ ਚਾਰ ਦਿਨ ਪਹਿਲਾਂ ਵਿਆਹ ਤੋਂ ਕੀਤਾ ਇਨਕਾਰ ਤਾਂ ਮੁੰਡੇ ਨੇ ਜ਼ਹਿਰ ਪੀ ਜੀਵਨ ਲੀਲਾ ਕੀਤੀ ਸਮਾਪਤ
ਬਲਜੀਤ ਸਿੰਘ, (ਤਰਨਤਾਰਨ, 6 ਜੂਨ): ਥਾਣਾ ਸਦਰ ਪੱਟੀ ਦੇ ਅਧੀਨ ਪੈਂਦੇ ਪਿੰਡ ਪੂਨੀਆਂ ਵਿਖੇ ਇਕ ਨੌਜਵਾਨ ਵੱਲੋਂ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਨੌਜਵਾਨ ਲਖਵਿੰਦਰ ਸਿੰਘ ਦੀ ਮਾਂ ਗੁਰਮੀਤ ਕੌਰ ਅਤੇ ਉਸ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਲਖਵਿੰਦਰ ਸਿੰਘ ਦਾ ਦਸ ਤਰੀਕ ਨੂੰ ਵਿਆਹ ਸੀ ਪਰ ਵਿਆਹ ਤੋਂ ਪਹਿਲਾਂ ਹੀ ਲੜਕੀ ਵਾਲਿਆਂ ਨੇ ਇਹ ਕਹਿ ਕੇ ਜਵਾਬ ਦੇ ਦਿੱਤਾ ਕਿ ਮੁੰਡੇ ਕੋਲ ਜ਼ਮੀਨ ਥੋੜ੍ਹੀ ਹੈ। ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ 8 ਸ਼ੂਟਰਾਂ ਦੀ ਹੋਈ ਪਛਾਣ, ਕੇਕੜਾ ਨੂੰ ਕੀਤਾ ਗ੍ਰਿਫ਼ਤਾਰ ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਪਹਿਲਾਂ ਹੀ ਵਿਚੋਲੇ ਨੂੰ ਸਾਰਾ ਕੁਝ ਦੱਸ ਕੇ ਭੇਜਿਆ ਗਿਆ ਸੀ ਕਿ ਉਨ੍ਹਾਂ ਦੇ ਲੜਕੇ ਲਖਵਿੰਦਰ ਸਿੰਘ ਨੂੰ ਘਰੇਲੂ ਵੰਡ ਵਿੱਚੋਂ ਪੌਣੇ ਦੋ ਕਿੱਲੇ ਜ਼ਮੀਨ ਆਉਂਦੀ ਹੈ। ਪਰਿਵਾਰ ਨੇ ਦੱਸਿਆ ਕਿ ਵਿਚੋਲੇ ਵੱਲੋਂ ਲੜਕੀ ਦੇ ਪਰਿਵਾਰ ਨੂੰ ਇਹ ਝੂਠ ਮਾਰਿਆ ਕਿ ਲੜਕੇ ਨੂੰ ਸਾਢੇ ਸੱਤ ਕਿੱਲੇ ਜ਼ਮੀਨ ਆਉਂਦੀ ਹੈ। ਜਿਸ ਤੋਂ ਬਾਅਦ ਲੜਕੀ ਵਾਲਿਆਂ ਨੇ ਸਾਡੇ ਤੋਂ ਪੁੱਛਿਆ ਤਾਂ ਅਸੀਂ ਲੜਕੀ ਵਾਲਿਆਂ ਨੂੰ ਸਾਫ਼ ਸਭ ਕੁਝ ਦੱਸ ਦਿੱਤਾ। ਜਿਸ ਤੋਂ ਬਾਅਦ ਲੜਕੀ ਵਾਲੇ ਇਸ ਦੇ ਵਿਆਹ ਨੂੰ ਰਾਜ਼ੀ ਹੋ ਗਏ ਅਤੇ ਹੁਣ ਜਦ ਵਿਆਹ ਵਿਚ ਚਾਰ ਦਿਨ ਦੇ ਕਰੀਬ ਰਹਿ ਗਏ ਹਨ ਤਾਂ ਲੜਕੀ ਵਾਲਿਆਂ ਨੇ ਵਿਆਹ ਕਰਨ ਤੋਂ ਜਵਾਬ ਦੇ ਦਿੱਤਾ। ਪੀੜਤ ਪਰਿਵਾਰ ਨੇ ਦੱਸਿਆ ਕਿ ਵਿਆਹ ਦੇ ਕਾਰਡ ਵੀ ਸਾਰੇ ਰਿਸ਼ਤੇਦਾਰਾਂ ਅਤੇ ਭੈਣ ਭਰਾਵਾਂ ਨੂੰ ਵੰਡ ਦਿੱਤੇ ਗਏ ਸਨ ਅਤੇ ਇਸੇ ਗੱਲ ਨੂੰ ਲੈ ਕੇ ਲਖਵਿੰਦਰ ਸਿੰਘ ਕਾਫ਼ੀ ਪਰੇਸ਼ਾਨੀ ਦੇ ਵਿੱਚ ਸੀ। ਜਿਸ ਕਰਕੇ ਉਸ ਨੇ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਪੀੜਤ ਪਰਿਵਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਲਿਖਤੀ ਪੁਲਿਸ ਚੌਂਕੀ ਵਿਖੇ ਦਰਖਾਸਤ ਵੀ ਦਿੱਤੀ ਗਈ ਅਤੇ ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜਿਆ ਗਿਆ ਪਰ ਪੁਲਿਸ ਪ੍ਰਸ਼ਾਸਨ ਦੋਸ਼ੀਆਂ 'ਤੇ ਕਾਰਵਾਈ ਕਰਨ ਦੀ ਬਜਾਏ ਉਨ੍ਹਾਂ ਨੂੰ ਹੀ ਦਬਾ ਰਹੀ ਹੈ। ਜਿਸ ਕਰਕੇ ਉਨ੍ਹਾਂ ਨੂੰ ਮਜਬੂਰ ਹੋ ਕੇ ਪੁਲਿਸ ਚੌਂਕੀ ਘਰਿਆਲਾ ਦੇ ਅੱਗੇ ਧਰਨਾ ਲਾ ਕੇ ਰੋਸ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਜਦ ਤਕ ਲੜਕੀ ਪਰਿਵਾਰ 'ਤੇ ਮਾਮਲਾ ਪੁਲਿਸ ਵੱਲੋਂ ਦਰਜ ਨਹੀਂ ਕੀਤਾ ਜਾਂਦਾ ਉਦੋਂ ਤੱਕ ਇਹ ਧਰਨਾ ਨਹੀਂ ਚੁੱਕਿਆ ਜਾਵੇਗਾ। ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਸ਼ਰਧਾਂਜ਼ਲੀ ਸਮਾਗਮ 'ਚ ਪੱਗਾਂ ਬੰਨ੍ਹ ਕੇ ਆਉਣ ਦੀ ਅਪੀਲ ਉਧਰ ਜਦ ਇਸ ਸਬੰਧੀ ਪੁਲਿਸ ਚੌਂਕੀ ਘਰਿਆਲਾ ਦੇ ਇੰਚਾਰਜ ਐੱਸਆਈ ਨਿਰਮਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ, ਜੋ ਸੱਚ ਸਾਹਮਣੇ ਆਵੇਗਾ ਉਸ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। -PTC News