ਕਰਜ਼ਾ ਲੈਣਾ ਹੋਇਆ ਮਹਿੰਗਾ, RBI ਨੇ 0.50 ਫ਼ੀਸਦੀ ਵਧਾਏ ਰੈਪੋ ਰੇਟ
ਨਵੀਂ ਦਿੱਲੀ : ਤਿਉਹਾਰਾਂ ਦਾ ਸੀਜ਼ਨ ਆਉਣ ਦੇ ਨਾਲ ਹੀ ਆਮ ਲੋਕਾਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਦਰਅਸਲ ਭਾਰਤੀ ਰਿਜ਼ਰਵ ਬੈਂਕ ਨੇ ਲਗਾਤਾਰ ਚੌਥੀ ਵਾਰ ਰੈਪੋ ਰੇਟ 'ਚ ਵਾਧਾ ਕੀਤਾ ਹੈ। ਇਸ ਵਾਰ ਰੈਪੋ ਰੇਟ 'ਚ .50 ਫ਼ੀਸਦੀ ਦਾ ਵਾਧਾ ਕੀਤਾ ਗਿਆ ਹੈ। ਰੈਪੋ ਰੇਟ 'ਚ ਕੀਤੇ ਗਏ ਇਸ ਵਾਧੇ ਦਾ ਸਿੱਧਾ ਅਸਰ ਲੋਕਾਂ ਦੀਆਂ ਜੇਬਾਂ 'ਤੇ ਪਵੇਗਾ। ਇਸ ਨਾਲ ਕਰਜ਼ਾ ਲੈਣਾ ਹੁਣ ਮਹਿੰਗਾ ਹੋ ਗਿਆ ਹੈ। ਇੰਨਾ ਹੀ ਹੁਣ EMI ਵੀ ਪਹਿਲਾਂ ਨਾਲੋਂ ਵੱਧ ਆਵੇਗੀ। ਆਰਬੀਆਈ ਨੇ ਰੈਪੋ ਰੇਟ 5.40 ਫ਼ੀਸਦੀ ਤੋਂ ਵਧਾ ਕੇ 5.90 ਫ਼ੀਸਦੀ ਕਰ ਦਿੱਤਾ ਹੈ, ਜਿਸ ਨਾਲ ਰੈਪੋ ਰੇਟ 'ਚ 50 ਆਧਾਰ ਅੰਕਾਂ ਦਾ ਵਾਧਾ ਕੀਤਾ ਗਿਆ ਹੈ। ਗਵਰਨਰ ਸ਼ਕਤੀਕਾਂਤ ਦਾਸ ਨੇ ਆਰਬੀਆਈ ਦੀ ਮੁਦਰਾ ਨੀਤੀ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਹੈ। ਆਰਬੀਆਈ ਨੇ ਲਗਾਤਾਰ ਪੰਜਵੇਂ ਮਹੀਨੇ ਰੈਪੋ ਰੇਟ 'ਚ ਵਾਧਾ ਕੀਤਾ ਹੈ। ਇਸ ਨਾਲ ਪੰਜ ਮਹੀਨਿਆਂ 'ਚ 1.90 ਫ਼ੀਸਦੀ ਦਾ ਵਾਧਾ ਹੋਇਆ ਹੈ। ਸ਼ਕਤੀਕਾਂਤ ਦਾਸ ਨੇ ਕਿਹਾ ਕਿ ਭਾਰਤੀ ਅਰਥਵਿਵਸਥਾ ਦੇ ਸਾਹਮਣੇ ਚੁਣੌਤੀਆਂ ਹਨ ਤੇ ਭੂ-ਰਾਜਨੀਤਿਕ ਸਥਿਤੀਆਂ 'ਚ ਬਦਲਾਅ ਦਾ ਅਸਰ ਵੀ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ 2.5 ਸਾਲਾਂ 'ਚ ਦੁਨੀਆ ਨੇ ਦੋ ਵੱਡੀਆਂ ਗਲੋਬਲ ਤਬਦੀਲੀਆਂ ਦੇਖੀਆਂ ਹਨ ਤੇ ਉਹ ਸਨ ਕੋਵਿਡ ਸੰਕਟ ਤੇ ਰੂਸ-ਯੂਕਰੇਨ ਯੁੱਧ। ਭਾਰਤੀ ਅਰਥਵਿਵਸਥਾ ਨੇ ਵਧਦੇ ਚੁਣੌਤੀਪੂਰਨ ਹਾਲਾਤ ਦੇ ਬਾਵਜੂਦ ਇਸ ਨਾਲ ਸਹੀ ਤਰੀਕੇ ਨਾਲ ਨਜਿੱਠਿਆ ਹੈ। ਘਰੇਲੂ ਸ਼ੇਅਰ ਬਾਜ਼ਾਰ 'ਚ ਅੱਜ ਗਿਰਾਵਟ ਦੇ ਲਾਲ ਨਿਸ਼ਾਨ ਦੇ ਨਾਲ ਕਾਰੋਬਾਰ ਖੁੱਲ੍ਹਿਆ ਹੈ। ਨਿਫਟੀ ਤੇ ਸੈਂਸੈਕਸ 'ਚ 0.3 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ। ਆਈਟੀ, ਆਟੋ ਅਤੇ ਬੈਂਕ ਸਟਾਕ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਬੀਤੇ ਦਿਨ ਅਮਰੀਕੀ ਬਾਜ਼ਾਰਾਂ 'ਚ ਜ਼ਬਰਦਸਤ ਗਿਰਾਵਟ ਦਰਜ ਕੀਤੀ ਗਈ ਸੀ ਅਤੇ ਉਹ 1.5-2.5 ਫ਼ੀਸਦੀ ਦੀ ਕਮਜ਼ੋਰੀ ਨਾਲ ਬੰਦ ਹੋਏ ਹਨ। ਇਸ ਦਾ ਅਸਰ ਭਾਰਤੀ ਬਾਜ਼ਾਰ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ ਅਤੇ ਅੱਜ ਰਿਜ਼ਰਵ ਬੈਂਕ ਦੀ MPC ਦੀ ਬੈਠਕ 'ਚ ਵੀ ਰੇਪੋ ਰੇਟ ਵਧਣ ਦਾ ਖ਼ਦਸ਼ਾ ਦੇਖਿਆ ਜਾ ਰਿਹਾ ਹੈ। -PTC News ਇਹ ਵੀ ਪੜ੍ਹੋ : ਮੁਹਾਲੀ 'ਚ ਝੂਲਾ ਟੁੱਟਣ ਦੇ ਮਾਮਲੇ 'ਚ ਪ੍ਰਬੰਧਕਾਂ ਦੀ ਗਲਤੀ ਆਈ ਸਾਹਮਣੇ, ਬਿਨਾਂ NOC ਤੋਂ ਚੱਲ ਰਹੇ ਸੀ ਝੂਲਾ