ਲੁਧਿਆਣਾ: ਸਮਰਾਲਾ ਤੋਂ ਚਮਕੌਰ ਸਾਹਿਬ ਜਾਂਦੇ ਸਮੇਂ ਜੰਗਲ 'ਚ ਦੱਬੀ ਇੱਕ ਨੌਜਵਾਨ ਦੀ ਲਾਸ਼ ਬਰਾਮਦ ਹੋਈ। ਚਾਰ ਦਿਨਾਂ ਤੋਂ ਲਾਪਤਾ ਇਸ ਨੌਜਵਾਨ ਦਾ ਕਤਲ ਕਰਕੇ ਲਾਸ਼ ਧਰਤੀ ਚ ਦੱਬੀ ਹੋਈ ਸੀ। ਮ੍ਰਿਤਕ ਦਾ ਧੜ ਧਰਤੀ ਅੰਦਰ ਸੀ ਅਤੇ ਸਿਰ ਤੇ ਮੂੰਹ ਬਾਹਰ ਸੀ। ਮ੍ਰਿਤਕ ਦੀ ਸ਼ਨਾਖਤ ਸਮਰਾਲਾ ਦੇ ਪਿੰਡ ਕੋਟਾਲਾ ਵਾਸੀ ਸੁਰਿੰਦਰ ਸਿੰਘ ਸੋਨੀ ਵਜੋਂ ਹੋਈ। ਸਮਰਾਲਾ ਪੁਲਸ ਨੇ ਕਤਲ ਕੇਸ ਦਰਜ ਕਰਕੇ ਕਾਰਵਾਈ ਆਰੰਭ ਕਰ ਦਿੱਤੀ ਸੀ।
ਪਿੰਡ ਕੋਟਾਲਾ ਦਾ ਰਹਿਣ ਵਾਲਾ ਸੁਰਿੰਦਰ ਸਿੰਘ ਸੋਨੀ ਜੋਕਿ ਇੱਕ ਵਰਕਸ਼ਾਪ ਚ ਕੰਮ ਕਰਦਾ ਸੀ, ਚਾਰ ਦਿਨਾਂ ਤੋਂ ਲਾਪਤਾ ਸੀ। ਸੋਨੀ ਦੀ ਲਾਸ਼ ਚਮਕੌਰ ਸਾਹਿਬ ਜਾਂਦੇ ਸਮੇਂ ਜੰਗਲ ਚ ਦੱਬੀ ਹੋਈ ਮਿਲੀ। ਲਾਸ਼ ਦੇ ਕੋਲ ਹੀ ਮ੍ਰਿਤਕ ਦੀਆਂ ਚੱਪਲਾਂ ਪਈਆਂ ਸਨ ਅਤੇ ਥੋੜ੍ਹੀ ਦੂਰੀ ਉਪਰ ਮੋਟਰਸਾਈਕਲ ਖੜ੍ਹਾ ਸੀ, ਜਿਸ ਤੋਂ ਉਸਦੀ ਸ਼ਨਾਖਤ ਹੋਈ।
ਮ੍ਰਿਤਕ ਦੇ ਭਰਾ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਸੁਰਿੰਦਰ ਸਿੰਘ 4 ਦਿਨਾਂ ਤੋਂ ਲਾਪਤਾ ਸੀ। ਉਹ ਆਪਣੇ ਭਰਾ ਦੀ ਭਾਲ ਕਰ ਰਿਹਾ ਸੀ ਤਾਂ ਇਸੇ ਦੌਰਾਨ ਸ਼ੋਸ਼ਲ ਮੀਡੀਆ ਉਪਰ ਸੁਰਿੰਦਰ ਦੇ ਮੋਟਰਸਾਈਕਲ ਦੀਆਂ ਤਸਵੀਰਾਂ ਦੇਖੀਆਂ। ਮੌਕੇ ਉਪਰ ਆ ਕੇ ਦੇਖਿਆ ਤਾਂ ਜੰਗਲ ਚ ਉਸਦੇ ਭਰਾ ਦੀ ਲਾਸ਼ ਦੱਬੀ ਹੋਈ ਸੀ। ਪਿੰਡ ਦੀ ਸਰਪੰਚ ਦੇ ਪਤੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਸੁਰਿੰਦਰ ਦੇ ਨਾਲ ਕੰਮ ਕਰਨ ਵਾਲਾ ਇੱਕ ਵਿਅਕਤੀ ਪਰਿਵਾਰ ਨੂੰ ਝਾਂਸੇ ਦਿੰਦਾ ਰਿਹਾ ਕਿ ਸੁਰਿੰਦਰ ਗੱਡੀ ਨਾਲ ਗਿਆ ਹੈ।ਥੋੜ੍ਹੇ ਦਿਨਾਂ ਚ ਵਾਪਸ ਆ ਜਾਵੇਗਾ। ਜਦੋਂ ਪਰਿਵਾਰ ਨੂੰ ਸ਼ੱਕ ਹੋਇਆ ਤਾਂ ਉਹਨਾਂ ਨੇ ਪੁਲਸ ਕੋਲ ਸੁਰਿੰਦਰ ਦੀ ਗੁੰਮਸ਼ੁਦਗੀ ਰਪਟ ਦਰਜ ਕਰਾਈ। ਜਿਸ ਮਗਰੋਂ ਲਾਸ਼ ਜੰਗਲ ਚ ਦੱਬੀ ਮਿਲੀ।
ਡੀਐਸਪੀ ਹਰਵਿੰਦਰ ਸਿੰਘ ਖਹਿਰਾ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਨੇ ਆਪਣੇ ਭਰਾ ਦੇ ਗੁੰਮ ਹੋਣ ਦੀ ਸੂਚਨਾ 27 ਮਾਰਚ ਨੂੰ ਪੁਲਸ ਨੂੰ ਦਿੱਤੀ ਸੀ। ਪਰਿਵਾਰ ਵਾਲਿਆਂ ਨੇ ਇੱਕ ਦੋ ਵਿਅਕਤੀਆਂ ਉਪਰ ਸ਼ੱਕ ਵੀ ਜ਼ਾਹਰ ਕੀਤਾ।ਇਸੇ ਦੌਰਾਨ ਚਮਕੌਰ ਸਾਹਿਬ ਇਲਾਕੇ ਚੋਂ ਸੁਰਿੰਦਰ ਦਾ ਮੋਟਰਸਾਈਕਲ ਬਰਾਮਦ ਹੋਇਆ ਤਾਂ ਭਾਲ ਕਰਨ ਤੇ ਜੰਗਲ ਚੋਂ ਲਾਸ਼ ਮਿਲੀ। ਲਾਸ਼ ਕਬਜ਼ੇ ਚ ਲੈ ਕੇ ਕਤਲ ਕੇਸ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।
-PTC News