ਲਖੀਮਪੁਰ ਖੀਰੀ 'ਚ ਦਰੱਖਤ ਨਾਲ ਲਟਕਦੀਆਂ ਮਿਲੀਆਂ ਦੋ ਨਾਬਾਲਗ ਭੈਣਾਂ ਦੀਆਂ ਲਾਸ਼ਾਂ, 6 ਆਰੋਪੀ ਗ੍ਰਿਫਤਾਰ
Lakhimpur-Kheri Case: ਉੱਤਰ ਪ੍ਰਦੇਸ਼ ਦੇ ਲਖੀਮਪੁਰ ਖੀਰੀ ਜ਼ਿਲ੍ਹੇ ਦੇ ਤਮੋਲਿਨ ਪਿੰਡ ਦੇ ਬਾਹਰ ਇੱਕ ਦਰੱਖਤ ਨਾਲ ਦੋ ਨਾਬਾਲਗ ਦਲਿਤ ਭੈਣਾਂ ਦੀਆਂ ਲਾਸ਼ਾਂ ਲਟਕਦੀਆਂ ਮਿਲਣ ਤੋਂ ਬਾਅਦ ਪੂਰੇ ਇਲਾਕੇ ਵਿੱਚ ਹੜਕੰਪ ਮਚ ਗਿਆ ਹੈ। ਬੱਚੀਆਂ ਦੀ ਮਾਂ ਦਾ ਦੋਸ਼ ਹੈ ਕਿ ਬੁੱਧਵਾਰ ਦੁਪਹਿਰ ਉਹ ਆਪਣੀਆਂ ਬੇਟੀਆਂ ਨਾਲ ਬਾਹਰ ਬੈਠੀ ਸੀ ਜਦੋਂ ਤਿੰਨ ਬਾਈਕ ਸਵਾਰ ਨੌਜਵਾਨ ਆਏ ਅਤੇ ਉਸਦੀਆਂ ਦੋਵੇਂ ਬੇਟੀਆਂ ਨੂੰ ਅਗਵਾ ਕਰ ਕੇ ਲੈ ਗਏ। ਮਾਂ ਨੇ ਦੋਸ਼ ਲਾਇਆ ਕਿ ਦੋਵਾਂ ਧੀਆਂ ਨਾਲ ਜਬਰ ਜਨਾਹ ਮਗਰੋਂ ਉਨ੍ਹਾਂ ਦਾ ਕਤਲ ਕਰਕੇ ਮ੍ਰਿਤਕ ਦੇਹਾਂ ਨੂੰ ਦਰੱਖਤ ਨਾਲ ਲਟਕਾ ਦਿੱਤਾ ਗਿਆ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਤੇਜ਼ੀ ਵਿਖਾਉਂਦਿਆਂ ਛਾਪੇਮਾਰੀ ਕੀਤੀ ਅਤੇ ਹੁਣ ਪੁਲਿਸ 6 ਆਰੋਪੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕਰ ਰਹੀ ਹੈ। ਦੱਸ ਦੇਈਏ ਕਿ ਲਖੀਮਪੁਰ ਕਾਂਡ 'ਚ ਹੁਣ 3 ਡਾਕਟਰਾਂ ਦਾ ਇੱਕ ਪੈਨਲ ਇਨ੍ਹਾਂ ਲੜਕੀਆਂ ਦੀ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰੇਗਾ। ਇਸ ਮਾਮਲੇ ਵਿੱਚ ਏਡੀਜੀ ਲਾਅ ਐਂਡ ਆਰਡਰ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਇਸ ਘਟਨਾ ਦੀ ਪੂਰੀ ਜਾਂਚ ਕੀਤੀ ਜਾਵੇਗੀ। ਆਈ.ਜੀ. ਰੇਂਜ ਲਖਨਊ ਲਕਸ਼ਮੀ ਸਿੰਘ ਵੀ ਮੌਕੇ 'ਤੇ ਮੌਜੂਦ ਸਨ। ਪੀੜਤ ਪਰਿਵਾਰ ਦੀ ਸ਼ਿਕਾਇਤ ਦੇ ਆਧਾਰ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਦੋਵੇਂ ਲੜਕੀਆਂ ਦੀਆਂ ਮ੍ਰਿਤਕ ਦੇਹਾਂ ਦਾ ਪੋਸਟਮਾਰਟਮ ਕਰਵਾਇਆ ਜਾਵੇਗਾ। ਦੋਵੇਂ ਨਾਬਾਲਗ ਲੜਕੀਆਂ ਦੀਆਂ ਲਾਸ਼ਾਂ ਲਖੀਮਪੁਰ ਹੈੱਡਕੁਆਰਟਰ ਦੇ ਪੋਸਟਮਾਰਟਮ ਹਾਊਸ ਪਹੁੰਚ ਗਈਆਂ ਹਨ, ਜਿੱਥੇ ਡਾਕਟਰਾਂ ਦਾ ਇੱਕ ਪੈਨਲ ਪੋਸਟਮਾਰਟਮ ਕਰੇਗਾ। ਪੈਨਲ ਵਿੱਚ ਮਹਿਲਾ ਡਾਕਟਰਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਦੱਸ ਦੇਈਏ ਕਿ ਪੂਰੇ ਪੋਸਟਮਾਰਟਮ ਦੀ ਵੀਡੀਓਗ੍ਰਾਫੀ ਵੀ ਕੀਤੀ ਜਾਵੇਗੀ। ਵੀਰਵਾਰ ਤੋਂ ਹੀ ਲੋਕਾਂ ਨੇ ਲਖੀਮਪੁਰ ਖੀਰੀ ਵਿਚ ਸੜਕ ਜਾਮ ਕਰਕੇ ਰੋਸ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕਰਨ ਦੀ ਮੰਗ ਕਰ ਰਹੇ ਹਨ। ਜਿਸ ਤੋਂ ਬਾਅਦ ਐਸ.ਪੀ. ਨੇ ਭੀੜ ਨੂੰ ਸਮਝਾਉਣਾ ਚਾਹਿਆ ਕਿ ਇਸ ਮਾਮਲੇ 'ਚ ਨੇਤਾਗਿਰੀ ਨਾ ਕੀਤੀ ਜਾਵੇ। ਜਿਸ ਤੋਂ ਬਾਅਦ ਭੀੜ 'ਚ ਸ਼ਾਮਲ ਲੋਕ ਭੜਕ ਗਏ। ਇਸ ਗੱਲ ਨੂੰ ਲੈ ਕੇ ਲੋਕਾਂ ਦੀ ਐਸ.ਪੀ. ਨਾਲ ਬਹਿਸ ਵੀ ਹੋ ਗਈ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਲਖੀਮਪੁਰ ਖੀਰੀ ਦੇ ਐਡੀਸ਼ਨਲ ਐਸ.ਪੀ. ਅਰੁਣ ਕੁਮਾਰ ਸਿੰਘ ਦਾ ਕਹਿਣਾ ਕਿ ਮਾਮਲੇ ਵਿੱਚ ਛੇ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ। ਉਨ੍ਹਾਂ ਕਿਹਾ ਕਿ ਮ੍ਰਿਤਕ ਬੱਚੀਆਂ ਦੀ ਮਾਂ ਨੇ ਦੱਸਿਆ ਕਿ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਨੇੜਲੇ ਪਿੰਡ ਲਾਲਪੁਰ ਦੇ ਵਸਨੀਕ ਹਨ। ਲਖਨਊ ਰੇਂਜ ਦੇ ਆਈਜੀ ਲਕਸ਼ਮੀ ਸਿੰਘ ਘਟਨਾ ਦੀ ਜਾਂਚ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇਹਾਂ 'ਤੇ ਕੋਈ ਸੱਟ ਦੇ ਨਿਸ਼ਾਨ ਨਹੀਂ ਮਿਲੇ ਹਨ। ਬਾਕੀ ਗੱਲਾਂ ਦਾ ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ। ਅਸੀਂ ਜਾਂਚ ਵਿੱਚ ਤੇਜ਼ੀ ਲਿਆਉਣ ਦੀ ਕੋਸ਼ਿਸ਼ ਕਰਾਂਗੇ। (ਅਨੁਵਾਦ ਨੂੰ ਛੱਡ ਕੇ, ਇਸ ਕਹਾਣੀ ਨੂੰ ਪੀਟੀਸੀ ਸਟਾਫ਼ ਦੁਆਰਾ ਸੰਪਾਦਿਤ ਨਹੀਂ ਕੀਤਾ ਗਿਆ ਹੈ ਅਤੇ ਇੱਕ ਸਿੰਡੀਕੇਟਿਡ ਫੀਡ ਤੋਂ ਪ੍ਰਕਾਸ਼ਿਤ ਹੈ) -PTC News