ਕੈਲੇਫੋਰਨੀਆਂ 'ਚੋਂ ਅਗ਼ਵਾ ਹੋਏ ਪੰਜਾਬੀ ਪਰਿਵਾਰ ਦੇ ਚਾਰੇ ਜੀਆਂ ਦੀਆਂ ਲਾਸ਼ਾਂ ਬਰਾਮਦ, ਇਕ ਮੁਲਜ਼ਮ ਕਾਬੂ
ਕੈਲੇਫੋਰਨੀਆਂ : ਅਮਰੀਕਾ ਦੇ ਕੈਲੇਫੋਰਨੀਆ 'ਚ ਅਗ਼ਵਾ ਹੋਏ ਹੁਸ਼ਿਆਰਪੁਰ ਦੇ ਪੰਜਾਬੀ ਪਰਿਵਾਰ ਦੇ ਚਾਰੇ ਮੈਂਬਰਾਂ ਦੀਆਂ ਲਾਸ਼ਾਂ ਮਿਲਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਗਵੇ ਹੋਏ ਪਰਿਵਾਰ ਦੇ ਚਾਰ ਵਿਚੋਂ ਤਿੰਨ ਮੈਂਬਰ ਦੀ ਗੋਲੀ ਲੱਗਣ ਕਾਰਨ ਮੌਤ ਹੋਈ ਜਦਕਿ ਇਕ ਅੱਠ ਮਹੀਨੇ ਦੀ ਬੱਚੀ ਦੀ ਭੁੱਖੇ ਰਹਿਣ ਕਾਰਨ ਮੌਤ ਹੋਈ ਹੈ। ਪੁਲਿਸ ਨੇ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕਰਦੇ ਹੋਏ ਇਕ ਮੁਲਜ਼ਮ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਜੀਸਸ ਮੈਨੁਅਲ ਸਲਗਾਡੋ (48 ਸਾਲ) ਵਜੋਂ ਹੋਈ ਤੇ ਜਦੋਂ ਪੁਲਿਸ ਨੇ ਉਸ ਨੂੰ ਫੜ ਲਿਆ ਤਾਂ ਸਲਗਾਡੋ ਨੇ ਆਪਣੀ ਜਾਨ ਦੇਣ ਦੀ ਕੋਸ਼ਿਸ਼ ਕੀਤੀ। ਪੁਲਿਸ ਵੱਲੋਂ ਅਗ਼ਵਾ ਕਰਨ ਵਾਲੇ ਮੁਲਜ਼ਮ ਨੂੰ ਫੜੇ ਜਾਣ ਸਬੰਧੀ ਜਾਣਕਾਰੀ ਦਿੰਦਿਆਂ ਮਰਸਡ ਕਾਊਂਟੀ ਸ਼ੈਰਿਫ਼ ਦੇ ਦਫ਼ਤਰ ਨੇ ਆਪਣੇ ਫੇਸਬੁੱਕ ਪੇਜ 'ਤੇ ਦੱਸਿਆ ਕਿ ਮੁਲਜ਼ਮ ਐਟਵਾਟਰ ਸ਼ਹਿਰ ਦੇ ਇਕ ਬੈਂਕ 'ਚ ਸਥਿਤ ਇਕ ਏਟੀਐਮ ਤੋਂ ਪੀੜਤ ਦੇ ਏਟੀਐਮ ਕਾਰਡਾਂ ਰਾਹੀਂ ਪੈਸੇ ਕਢਵਾਉਂਦਾ ਦੇਖਿਆ ਗਿਆ ਹੈ। ਸੀਸੀਟੀਵੀ ਫੁਟੇਜ ਤੋਂ ਪਤਾ ਲੱਗਿਆ ਹੈ ਕਿ ਏਟੀਐਮ ਦਾ ਇਸਤੇਮਾਲ ਕਰਨ ਵਾਲਾ ਵਿਅਕਤੀ ਅਸਲ ਅਗਵਾ ਸੀਨ ਦੀ ਫੋਟੋ ਨਾਲ ਮਿਲਦਾ-ਜੁਲਦਾ ਹੈ। ਇਹ ਵੀ ਪੜ੍ਹੋ : 'ਆਪ' ਦਾ ਬਲਾਕ ਇੰਚਾਰਜ ਨਾਬਾਲਿਗਾ ਨਾਲ ਛੇੜਛਾੜ ਦੇ ਮਾਮਲੇ 'ਚ ਗ੍ਰਿਫ਼ਤਾਰ ਜਾਣਕਾਰੀ ਮੁਤਾਬਕ ਪੀੜਤ ਪਰਿਵਾਰ ਦਾ ਅਮਰੀਕਾ 'ਚ ਟਰਾਂਸਪੋਰਟ ਦਾ ਕਾਰੋਬਾਰ ਹੈ। ਇਨ੍ਹਾਂ ਚਾਰਾਂ ਜੀਆਂ ਜਸਦੀਪ ਸਿੰਘ (36), ਉਸ ਦੀ ਪਤਨੀ ਜਸਲੀਨ ਕੌਰ (27), ਬੇਟੀ ਅਰੋਹੀ ਢੇਰੀ (8) ਅਤੇ ਭਰਾ ਅਮਨਦੀਪ ਸਿੰਘ (39) ਨੂੰ ਤਿੰਨ ਦਿਨ ਪਹਿਲਾਂ ਅਗਵਾ ਕੀਤਾ ਗਿਆ ਸੀ। ਇਹ ਪਰਿਵਾਰ ਪੰਜਾਬ ਦੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਟਾਂਡਾ ਦੇ ਪਿੰਡ ਹਰਸੀ ਦਾ ਵਸਨੀਕ ਹੈ। ਅਜੇ ਮਰਸਡ ਕਾਉਂਟੀ ਦੇ ਸ਼ੈਰਿਫ ਵਰਨੌਨ ਵਾਰਨਕੇ ਵੱਲੋਂ ਸਵੇਰੇ ਪ੍ਰੈੱਸ ਕਾਨਫ਼ਰੰਸ ਸੱਦੀ ਗਈ ਸੀ ਜਿਸ ਵਿਚ ਦੱਸਿਆ ਗਿਆ ਸੀ ਕਿ ਪੁਲਿਸ ਡਿਪਾਰਟਮੈਂਟ ਆਫ਼ ਜਸਟਿਸ, ਹਾਈਵੇ ਪੈਟਰੋਲ, ਐੱਫ.ਬੀ.ਆਈ ਅਤੇ ਹੋਰ ਜਾਂਚ ਏਜੰਸੀਆਂ ਪਰਿਵਾਰ ਨੂੰ ਲੱਭਣ ਲਈ ਲਗਾਤਾਰ ਕੰਮ ਕਰ ਰਹੀਆਂ ਹਨ ਪਰ ਸ਼ਾਮ ਨੂੰ 7 ਵਜੇ ਉਨ੍ਹਾਂ ਦੀਆਂ ਲਾਸ਼ਾਂ ਖੇਤਾਂ 'ਚੋਂ ਬਰਾਮਦ ਹੋਈਆਂ ਹਨ। -PTC News