ਸਿੱਧੂ ਮੂਸੇਵਾਲਾ ਦੇ ਪਿੰਡ 'ਚ ਮਨਾਈ ਜਾਵੇਗੀ 'ਕਾਲੀ ਦੀਵਾਲੀ'
ਮੂਸਾ, 24 ਅਕਤੂਬਰ: ਜਿੱਥੇ ਕੋਰੋਨਾ ਮਹਾਂਮਾਰੀ ਮਗਰੋਂ 2 ਸਾਲ ਬਾਅਦ ਪੂਰਾ ਪੰਜਾਬ ਆਪਣੇ ਘਰਾਂ ਨੂੰ ਸਜਾ ਕੇ, ਮੋਮਬੱਤੀਆਂ ਜਗਾ ਕੇ ਅਤੇ ਧੂਮਧਾਮ ਨਾਲ ਦੀਵਾਲੀ ਮਨਾ ਰਿਹਾ ਹੈ। ਇਸੇ ਦੌਰਾਨ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿੰਡ 'ਚ ਇਸ ਸਾਲ ‘ਕਾਲੀ ਦੀਵਾਲੀ’ ਮਨਾਈ ਜਾ ਰਹੀ ਹੈ। ਪੰਜਾਬ ਦੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸੇ ਵਿੱਚ ਪਿੰਡ ਵਾਸੀਆਂ ਨੇ ਫੈਸਲਾ ਕੀਤਾ ਕਿ ਪਿੰਡ ਵਿੱਚ ਨਾ ਤਾਂ ਦੀਪਮਾਲਾ ਹੋਵੇਗੀ ਅਤੇ ਨਾ ਹੀ ਪਟਾਕੇ ਚਲਾਏ ਜਾਣਗੇ। ਉਨ੍ਹਾਂ ਦਾ ਕਹਿਣਾ ਕਿ ਉਨ੍ਹਾਂ ਦੇ ਪਿੰਡ ਸਿਰਫ ਦੀਵਾ ਜਗਾ ਕੇ ਹੀ ਸਿੱਧੂ ਦੀ ਯਾਦ ਤਾਜ਼ਾ ਹੋਵੇਗੀ। ਜਾਣਕਾਰੀ ਅਨੁਸਾਰ ਪਿੰਡ ਵਾਸੀ ਬਾਵਾਂ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰਨਗੇ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ, ਉਸਦੀ ਮਾਤਾ ਚਰਨ ਕੌਰ ਅਤੇ ਉਸਦੇ ਪਰਿਵਾਰਕ ਮੈਂਬਰ ਮਰਹੂਮ ਗਾਇਕ ਲਈ ਇਨਸਾਫ਼ ਦੀ ਮੰਗ ਲਈ ਆਵਾਜ਼ ਬੁਲੰਦ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਸਾਲ 29 ਮਈ ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ 'ਚ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤੱਕ ਪੂਰੇ ਪੰਜਾਬ ਅਤੇ ਦੁਨੀਆ ਭਰ ਵਿੱਚ ਉਨ੍ਹਾਂ ਦੇ ਪ੍ਰਸ਼ੰਸਕ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਲਈ ਇਨਸਾਫ਼ ਦੀ ਮੰਗ ਕਰ ਰਹੇ ਹਨ। ਇਹ ਵੀ ਪੜ੍ਹੋ: ਸੋਮਾਲੀਆ ਦੇ ਹੋਟਲ 'ਚ ਬੰਬ ਧਮਾਕਾ, 9 ਲੋਕਾਂ ਦੀ ਮੌਤ, 47 ਜ਼ਖਮੀ ਇਸੇ ਦੌਰਾਨ ਸਿੱਧੂ ਦੇ ਪਿਤਾ ਨੇ ਸਿਹਤ ਵਿਗੜਨ ਮਗਰੋਂ ਸਿਹਤਯਾਬੀ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਆਪਣੇ ਮਰਹੂਮ ਪੁੱਤਰ ਲਈ ਇਨਸਾਫ਼ ਦੀ ਮੰਗ ਕਰਦਿਆਂ ਆਪਣੀ ਲੜਾਈ ਮੁੜ ਤੋਂ ਵਿੱਢ ਦਿੱਤੀ ਹੈ। ਉਨ੍ਹਾਂ ਫੇਸਬੁੱਕ, ਇੰਸਟਾਗ੍ਰਾਮ ਅਤੇ ਟਵਿੱਟਰ 'ਤੇ ਵੀ ਆਪਣੇ ਅਕਾਊਂਟ ਬਣਾ ਲਏ ਹਨ। ਇੱਕ ਮਹੀਨਾ ਪਹਿਲਾਂ, ਉਨ੍ਹਾਂ ਪੰਜਾਬ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨ ਲਈ ਇੱਕ ਮੋਮਬੱਤੀ ਮਾਰਚ ਦੀ ਅਗਵਾਈ ਵੀ ਕੀਤੀ ਸੀ। ਜਿਸ ਤੋਂ ਬਾਅਦ ਹੁਣ ਤੱਕ ਸਿੱਧੂ ਦੇ ਚਹੇਤੇ ਅਤੇ ਪਰਿਵਾਰਕ ਮੈਂਬਰ ਇਨਸਾਫ਼ ਨਾ ਮਿਲਣ 'ਤੇ ਸਰਕਾਰ 'ਤੇ ਸਵਾਲ ਚੁੱਕ ਰਹੇ ਹਨ।