ਭਾਜਪਾ ਆਗੂ ਤਜਿੰਦਰ ਬੱਗਾ ਦੀ ਗ੍ਰਿਫ਼ਤਾਰੀ 'ਤੇ ਰੋਕ ਜਾਰੀ
ਚੰਡੀਗੜ੍ਹ: ਭਾਜਪਾ ਆਗੂ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਤੋਂ ਵੱਡੀ ਰਾਹਤ ਮਿਲੀ ਹੈ। ਭੜਕਾਊ ਬਿਆਨ ਦੇਣ, ਦੁਸ਼ਮਣੀ ਨੂੰ ਉਤਸ਼ਾਹਤ ਕਰਨ ਅਤੇ ਅਪਰਾਧਿਕ ਧਮਕੀਆਂ ਦੇਣ ਦੇ ਦੋਸ਼ ਹੇਠ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਬੁੱਧਵਾਰ ਨੂੰ ਤਜਿੰਦਰ ਪਾਲ ਸਿੰਘ ਬੱਗਾ ਦੀ ਗ੍ਰਿਫ਼ਤਾਰੀ ਉਤੇ 4 ਅਗਸਤ ਤੱਕ ਰੋਕ ਲਗਾ ਦਿੱਤੀ ਹੈ। ਇਸ ਤਰ੍ਹਾਂ ਤੇਜਿੰਦਰ ਬੱਗਾ ਦੀ ਗ੍ਰਿਫ਼ਤਾਰੀ ਉਪਰ ਰੋਕ ਜਾਰੀ ਰਹੇਗੀ ਤੇ ਮਾਮਲੇ ਦੀ ਸੁਣਵਾਈ 4 ਅਗਸਤ ਨੂੰ ਹੋਵੇਗੀ। ਹਾਈ ਕੋਰਟ 'ਚ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਅਦਾਲਤ 'ਚ ਕੁਝ ਦਸਤਾਵੇਜ਼ ਦਿੱਤੇ, ਜਿਨ੍ਹਾਂ 'ਚ ਪੰਜਾਬ ਪੁਲਿਸ ਨੇ ਫੋਟੋਆਂ ਅਤੇ ਵੀਡੀਓਜ਼ ਨੱਥੀ ਕੀਤੀਆਂ ਹਨ। ਇਸ ਵਿੱਚ ਸਰਕਾਰ ਵੱਲੋਂ ਇਹ ਦੱਸਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜਦੋਂ ਪੰਜਾਬ ਪੁਲਿਸ ਦਿੱਲੀ ਤੋਂ ਤੇਜਿੰਦਰ ਪਾਲ ਸਿੰਘ ਬੱਗਾ ਨੂੰ ਲਿਆ ਰਹੀ ਸੀ ਤਾਂ ਪੁਲਿਸ ਨੇ ਕਿਵੇਂ ਰੋਕਿਆ ਗਿਆ। ਕਾਬਿਲੇਗੌਰ ਹੈ ਕਿ ਪਿਛਲੀ ਸੁਣਵਾਈ ਦੌਰਾਨ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬੱਗਾ ਦੀ ਗ੍ਰਿਫ਼ਤਾਰੀ ਉਤੇ 6 ਜੁਲਾਈ ਤੱਕ ਰੋਕ ਲਗਾ ਦਿੱਤੀ ਸੀ। ਪਿਛਲੀ ਸੁਣਵਾਈ ਵਿੱਚ ਅਦਾਲਤ ਨੇ ਆਪਣੇ ਹੁਕਮਾਂ ਵਿਚ ਕਿਹਾ ਸੀ ਪੰਜਾਬ ਦੇ ਸਰਕਾਰੀ ਵਕੀਲ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਵਾਧੂ ਦਸਤਾਵੇਜ਼ ਪੇਸ਼ ਕਰਨੇ ਹਨ ਤੇ ਇਸ ਵਿਚਕਾਰ ਉਨ੍ਹਾਂ ਨੇ ਭਰੋਸਾ ਦਿੱਤਾ ਸੀ ਕਿ ਪਟੀਸ਼ਨਕਰਤਾ (ਬੱਗਾ) ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਉਤੇ ਅਗਲੀ ਸੁਣਵਾਈ ਦੀ ਅਗਲੀ ਤਾਰੀਕ ਤੱਕ ਅਮਲ ਨਹੀਂ ਕੀਤਾ ਜਾਵੇਗਾ। ਇਸ ਉਤੇ ਬੈਂਚ ਨੇ ਕਿਹਾ ਸੀ ਸਰਕਾਰੀ ਵਕੀਲ ਵੱਲੋਂ ਦਿੱਤੀਆਂ ਗਈਆਂ ਰਿਆਇਤਾਂ ਨੂੰ ਦੇਖਦੇ ਹੋਏ ਇਸ ਮਾਮਲੇ ਵਿੱਚ ਪਟੀਸ਼ਕਰਤਾ ਖ਼ਿਲਾਫ਼ ਜਾਰੀ ਗ੍ਰਿਫਤਾਰੀ ਦੇ ਵਾਰੰਟ ਉਤੇ (ਮੋਹਾਲੀ ਦੀ) ਅਦਾਲਤ ਵਿੱਚ ਹੋਣ ਵਾਲੀ ਅਗਲੀ ਸੁਣਵਾਈ ਤੱਕ ਅਮਲ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪਟੀਸ਼ਨਕਰਤਾ ਖਿਲਾਫ਼ ਸੁਣਵਾਈ ਦੀ ਅਗਲੀ ਤਾਰੀਕ ਤੱਕ ਕੋਈ ਵੀ ਸਖ਼ਤ ਕਦਮ ਨਹੀਂ ਚੁੱਕਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ ਨੇ ਸ਼ੁੱਕਰਵਾਰ ਨੂੰ ਬੱਗਾ ਨੂੰ ਦਿੱਲੀ ਦੇ ਜਨਕਪੁਰੀ ਸਥਿਤ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਸੀ ਪਰ ਸਿਟੀ ਪੁਲਿਸ ਨੇ ਉਸ ਨੂੰ ਇਹ ਕਹਿ ਕੇ ਹਰਿਆਣਾ ਤੋਂ ਰਾਜਧਾਨੀ ਵਾਪਸ ਲਿਆਂਦਾ ਕਿ ਪੰਜਾਬ ਪੁਲਿਸ ਨੇ ਉਸ ਦੀ ਗ੍ਰਿਫ਼ਤਾਰੀ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਬੱਗਾ ਦੇ ਪਿਤਾ ਪ੍ਰਿਤਪਾਲ ਸਿੰਘ ਬੱਗਾ ਦੀ ਸ਼ਿਕਾਇਤ 'ਤੇ ਅਗਵਾ ਦਾ ਮਾਮਲਾ ਦਰਜ ਕੀਤਾ ਸੀ। ਉਸ ਦੇ ਪਿਤਾ ਨੇ ਦੋਸ਼ ਲਾਇਆ ਸੀ ਕਿ ਸਵੇਰੇ ਕਰੀਬ 8 ਵਜੇ ਕੁਝ ਲੋਕ ਉਸ ਦੇ ਘਰ ਆਏ ਅਤੇ ਉਨ੍ਹਾਂ ਦੇ ਪੁੱਤਰ ਨੂੰ ਅਗਵਾ ਕਰਕੇ ਨਾਲ ਲੈ ਗਏ ਹਨ। ਪੰਜਾਬ ਪੁਲਿਸ ਵਲੋਂ ਬੱਗਾ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਹਰਿਆਣਾ ਦੇ ਕੁਰੂਕਸ਼ੇਤਰ 'ਚ ਹਰਿਆਣਾ ਪੁਲਿਸ ਨੇ ਪੰਜਾਬ ਪੁਲਿਸ ਨੂੰ ਰੋਕ ਲਿਆ ਸੀ ਤੇ ਹਾਈ ਕੋਰਟ ਨੇ ਇਸ ਮਾਮਲੇ 'ਚ ਬੱਗਾ ਨੂੰ ਦਿੱਲੀ ਪੁਲਿਸ ਦੇ ਹਵਾਲੇ ਕਰਨ ਦੇ ਹੁਕਮ ਦਿੱਤੇ ਸਨ ਜਿਸ ਤੋਂ ਬਾਅਦ ਦਿੱਲੀ ਪੁਲਿਸ ਨੇ ਬੱਗਾ ਨੂੰ ਘਰ ਭੇਜ ਦਿੱਤਾ ਸੀ। ਇਹ ਵੀ ਪੜ੍ਹੋ : ਦਿੱਲੀ ਹਾਈਕੋਰਟ ਨੇ 1984 ਸਿੱਖ ਦੰਗਿਆਂ ਦੇ ਦੋਸ਼ੀ ਸੱਜਣ ਕੁਮਾਰ ਦੀ ਜ਼ਮਾਨਤ 'ਤੇ ਲਗਾਈ ਰੋਕ