ਹਰਪਾਲ ਚੀਮਾ ਸੌੜੀ ਸਿਆਸਤ ਕਰ ਰਹੇ : ਵੇਰਕਾ
ਅੰਮ੍ਰਿਤਸਰ : ਭਾਜਪਾ ਆਗੂ ਡਾ. ਰਾਜ ਕੁਮਾਰ ਵੇਰਕਾ ਨੇ ਅੱਜ ਆਮ ਆਦਮੀ ਪਾਰਟੀ ਨੂੰ ਰਗੜੇ ਲਗਾਉਂਦੇ ਹੋਏ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਦਿੱਤੇ ਗਏ ਬਿਆਨ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਕੇਜਰੀਵਾਲ ਦੇ ਕਹਿਣ ਉਤੇ ਡਰਾਮਾ ਰਚਿਆ ਜਾ ਰਿਹਾ ਹੈ ਤੇ ਸੌੜੀ ਸਿਆਸਤ ਉਤੇ ਉਤਰ ਆਏ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਭਾਜਪਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਕਾਬਿਲੇਗੌਰ ਹੈ ਕਿ ਅੱਜ ਵਿੱਤ ਮੰਤਰੀ ਨੇ ਇਕ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਭਾਜਪਾ ਸਾਡੇ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੀ ਪੇਸ਼ਕਸ਼ ਦੇ ਰਹੀ ਹੈ। ਡਾ. ਵੇਰਕਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਿਧਾਇਕਾਂ ਨੂੰ ਕੋਈ 25 ਰੁਪਏ ਨਾ ਦੇਵੇ ਤੇ ਉਹ 25 ਕਰੋੜ ਰੁਪਏ ਦੀ ਗੱਲ ਕਰ ਰਹੇ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਨੂੰ ਖ਼ਰੀਦਣ ਦੀ ਭਾਜਪਾ ਨੂੰ ਕੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ 'ਆਪ' ਸਿਰਫ ਤੇ ਸਿਰਫ ਭਾਜਪਾ ਨੂੰ ਬਦਨਾਮ ਕਰਨ ਲਈ ਇਹ ਹਰਕਤਾਂ ਕਰ ਰਹੀ ਹੈ। ਇਹ ਵੀ ਪੜ੍ਹੋ : ਜਮਾਂਦਰੂ ਦਿਲ ਦੀ ਬਿਮਾਰੀ ਵਾਲੇ 179 ਬੱਚਿਆਂ ਦੇ ਕੀਤੇ ਗਏ ਮੁਫ਼ਤ ਆਪ੍ਰੇਸ਼ਨ : ਚੇਤਨ ਸਿੰਘ ਜੌੜਾਮਾਜਰਾ ਉਨ੍ਹਾਂ ਨੇ ਕਿਹਾ ਕਿ ਖ਼ੁਦ ਆਮ ਆਦਮੀ ਪਾਰਟੀ ਦੇ ਵਿਧਾਇਕ ਆਪਣੀ ਛੱਡ ਕੇ ਦੂਜੀਆਂ ਪਾਰਟੀਆਂ ਵਿਚ ਭੱਜ ਰਹੇ ਹਨ ਤੇ ਕੁਝ ਭਾਜਪਾ ਨਾਲ ਵੀ ਸੰਪਰਕ ਕਰ ਰਹੇ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਤੁਹਾਡੇ ਵਿਧਾਇਕ ਖ਼ੁਦ ਤੁਹਾਡੀ ਪਾਰਟੀ ਤੋਂ ਦੁਖੀ ਹੋ ਕੇ ਭੱਜ ਰਹੇ ਹਨ, ਜਿਹੜੇ ਤੁਸੀਂ ਝੂਠੇ ਵਾਅਦੇ ਕੀਤੇ ਹਨ ਉਹ ਜੱਗ ਜ਼ਾਹਿਰ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਭਾਜਪਾ ਇਸ ਤਰ੍ਹਾਂ ਦਾ ਘਟੀਆ ਕੰਮ ਨਹੀਂ ਕਰਦੀ ਅਤੇ ਨਾ ਹੀ ਕਰੇਗੀ। -PTC News