ਭਾਜਪਾ ਸੂਬੇ 'ਚ ਅਮਨ-ਸ਼ਾਂਤੀ ਚਾਹੁੰਦੀ : ਅਸ਼ਵਨੀ ਸ਼ਰਮਾ
ਅੰਮ੍ਰਿਤਸਰ : ਪਟਿਆਲਾ ਵਿਖੇ ਦੋ ਧਿਰਾਂ ਵਿੱਚ ਹੋਏ ਟਕਰਾਅ ਕਾਰਨ ਬਣੀ ਤਣਾਅਪੂਰਨ ਸਥਿਤੀ ਉਤੇ ਭਾਜਪਾ ਆਗੂ ਅਸ਼ਵਨੀ ਸ਼ਰਮਾ ਨੇ ਸਭ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਪ੍ਰੈਸ ਕਾਨਫਰੰਸ ਦੌਰਾਨ ਸੰਬੋਧਨ ਕਰਦੇ ਹੋਏ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਪਟਿਆਲਾ ਵਿਖੇ ਹੋਏ ਟਕਰਾਅ ਦੀ ਸਖ਼ਤ ਨਿਖੇਧੀ ਕਰਦੀ ਹੈ। ਇਸ ਸਭ ਦੇ ਦਰਮਿਆਨ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਕਾਰਗੁਜ਼ਾਰੀ ਉਤੇ ਸਵਾਲੀਆਂ ਨਿਸ਼ਾਨ ਵੀ ਖੜ੍ਹੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਸਥਿਤੀ ਇਸ ਤਰ੍ਹਾਂ ਦੀ ਬਣ ਗਈ ਸੀ ਕਿ ਸਭ ਨੂੰ ਪਤਾ ਸੀ ਕਿ ਇਹ ਹੋਣ ਵਾਲਾ ਹੈ ਪਰ ਸਰਕਾਰ ਕਿੱਥੇ ਹੈ। ਟਕਰਾਅ ਦਾ ਮਾਹੌਲ ਪਹਿਲਾਂ ਹੀ ਬਣਿਆ ਹੋਇਆ ਸੀ। ਇਹ ਨੌਬਤ ਕਿਉਂ ਆਉਣ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਸੀਆਈਡੀ ਵੀ ਫੇਲ੍ਹ ਹੋ ਗਈ ਹੈ। ਧਾਰਮਿਕ ਸਥਾਨ ਉਤੇ ਪਥਰਾਅ ਦੀ ਉਨ੍ਹਾਂ ਨੇ ਅਲੋਚਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਸੂਬੇ ਦੀ ਕਾਨੂੰਨੀ ਵਿਵਸਥਾ ਬੁਰੀ ਤਰ੍ਹਾਂ ਗੜਬੜੀ ਗਈ ਹੈ। ਇਕ ਦਿਨ ਵੀ ਅਜਿਹਾ ਨਹੀਂ ਜਿਸ ਦਿਨ ਕੋਈ ਕਤਲ ਨਾ ਹੋਇਆ ਹੋਵੇ। ਹਰ ਰੋਜ਼ ਸੂਬੇ ਵਿੱਚ ਵੱਡੀਆਂ ਵਾਰਦਾਤਾਂ ਵਾਪਰ ਰਹੀਆਂ ਹਨ। ਆਮ ਆਦਮੀ ਪਾਰਟੀ ਦੀ ਸਰਕਾਰ ਇਸ ਨੂੰ ਰੋਕਣ ਵਿੱਚ ਨਾਕਾਮ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਸਰਕਾਰ ਅਸਲੀ ਮੁੱਦਿਆਂ ਤੋਂ ਭੜਕਾਉਣਾ ਚਾਹੁੰਦੀ ਹੈ। ਇਹ ਸਾਜ਼ਿਸ਼ ਵੱਲ ਇਸ਼ਾਰਾ ਹੈ। ਪੰਜਾਬ ਨੇ ਪਹਿਲਾਂ ਹੀ ਸੰਤਾਪ ਹੰਢਾਏ ਹਨ। ਸਰਕਾਰ ਨੂੰ ਇਸ ਨੂੰ ਹਲਕੇ ਵਿੱਚ ਨਹੀਂ ਲੈਣਾ ਚਾਹੀਦਾ। ਸਰਕਾਰ ਦੀ ਜਾਂਚ ਕਰਵਾ ਕੇ ਇਸ ਸਾਰੇ ਮਾਮਲੇ ਦਾ ਪਰਦਾਫਾਸ਼ ਕਰੇ। ਉਨ੍ਹਾਂ ਜ਼ੋਰ ਦਿੰਦੇ ਹੋਏ ਕਿਹਾ ਕਿ ਧਾਰਮਿਕ ਸਥਾਨ ਸੁਰੱਖਿਅਤ ਹੋਣੇ ਚਾਹੀਦੇ ਹਨ। ਉਨ੍ਹਾਂ ਨੇ ਕਿਹਾ ਕਿ 'ਆਪ' ਸਰਕਾਰ ਧਾਰਮਿਕ ਸਥਾਨਾਂ ਅਤੇ ਲੋਕਾਂ ਦੀ ਸੁਰੱਖਿਆ ਦੀ ਵੀ ਗਾਰੰਟੀ ਪੂਰੀ ਕਰੇ। ਸਰਕਾਰ ਦੀ ਲਾਹਪਰਵਾਹੀ ਸਭ ਦੇ ਸਾਹਮਣੇ ਆਈ ਹੈ। ਇਸ ਤਰ੍ਹਾਂ ਲੱਗ ਰਿਹਾ ਹੈ ਜਿਵੇਂ ਸਰਕਾਰ ਦਿੱਲੀ ਤੋਂ ਚੱਲ ਰਹੀ ਹੋਵੇ। ਉਨ੍ਹਾਂ ਨੇ ਕਿਹਾ ਕਿ ਭਾਜਪਾ ਹਮੇਸ਼ਾ ਅਮਨ-ਸ਼ਾਂਤੀ ਬਣਾਏ ਰੱਖਣ ਨੂੰ ਤਰਜੀਹ ਦਿੰਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਦੇ ਕੰਮ ਵਿੱਚ ਦਖਲ ਨਹੀਂ ਦੇਣਾ ਚਾਹੁੰਦੇ। ਸਰਕਾਰ ਲੋਕਾਂ ਨੂੰ ਸੁਰੱਖਿਅਤ ਤੇ ਸੁਖਾਵਾਂ ਮਾਹੌਲ ਮੁਹੱਈਆ ਕਰਵਾਏ। ਇਹ ਵੀ ਪੜ੍ਹੋ : ਭਾਰਤ-ਪਾਕਿਸਤਾਨ ਸਰਹੱਦ ਤੋਂ ਬੀਐਸਐਫ ਵੱਲੋਂ ਪਾਕਿਸਤਾਨੀ ਘੁਸਪੈਠੀਆ ਗ੍ਰਿਫ਼ਤਾਰ