ਬਿਸ਼ਨੋਈ ਗੈਂਗ ਨੇ ਇੱਕ ਵਾਰ ਨਹੀਂ ਸਗੋਂ ਦੋ ਵਾਰ ਬਣਾਇਆ ਸੀ ਸਲਮਾਨ ਖਾਨ ਨੂੰ ਮਾਰਨ ਦਾ ਮਾਸਟਰ ਪਲਾਨ
ਚੰਡੀਗੜ੍ਹ, 15 ਸਤੰਬਰ: ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਨੇ ਬਾਲੀਵੁੱਡ ਸੁਪਰਸਟਾਰ ਸਲਮਾਨ ਖਾਨ ਨੂੰ ਮਾਰਨ ਲਈ ਪਲਾਨ ਇੱਕ ਵਾਰ ਨਹੀਂ ਸਗੋਂ ਦੋ ਵਾਰ ਬਣਾਇਆ ਸੀ ਪਰ ਦੋਵੇਂ ਵਾਰ ਇਹ ਪਲਾਨ ਫਲਾਪ ਹੋ ਗਿਆ। ਪੰਜਾਬ ਪੁਲਿਸ ਨੇ ਪ੍ਰੈੱਸ ਕਾਨਫਰੰਸ ਕਰਕੇ ਇਹ ਖੁਲਾਸਾ ਕੀਤਾ ਹੈ। ਰਿਪੋਰਟ ਮੁਤਾਬਕ ਸਿੱਧੂ ਮੂਸੇਵਾਲਾ ਕਤਲ ਕਾਂਡ ਤੋਂ ਪਹਿਲਾਂ ਲਾਰੈਂਸ ਬਿਸ਼ਨੋਈ ਨੇ ਸਲਮਾਨ ਖਾਨ ਨੂੰ 2 ਵਾਰ ਮਾਰਨ ਦੀ ਕੋਸ਼ਿਸ਼ ਕੀਤੀ ਸੀ ਅਤੇ ਇਸ ਦੇ ਲਈ ਉਨ੍ਹਾਂ ਨੇ ਪਲਾਨ ਵੀ ਤਿਆਰ ਕੀਤਾ ਸੀ। ਗੋਲਡੀ ਬਰਾੜ ਅਤੇ ਲਾਰੈਂਸ ਵਿਸ਼ਨੋਈ ਗੈਂਗ ਦਾ ਸ਼ੂਟਰ ਕਪਿਲ ਪੰਡਿਤ ਇਸ ਯੋਜਨਾ ਦੀ ਅਗਵਾਈ ਕਰ ਰਿਹਾ ਸੀ। ਉਸ ਨੂੰ ਹਾਲ ਹੀ ਵਿੱਚ ਨੇਪਾਲ ਸਰਹੱਦ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਰਿਪੋਰਟ ਮੁਤਾਬਕ ਕਪਿਲ ਪੰਡਿਤ, ਸੰਤੋਸ਼ ਜਾਧਵ, ਦੀਪਕ ਮੁੰਡੀ ਅਤੇ ਦੋ ਹੋਰ ਨਿਸ਼ਾਨੇਬਾਜ਼ ਮੁੰਬਈ ਦੇ ਪਨਵੇਲ 'ਚ ਕਿਰਾਏ ਦੇ ਕਮਰੇ 'ਚ ਰਹੇ ਕਿਉਂਕਿ ਪਨਵੇਲ 'ਚ ਹੀ ਸਲਮਾਨ ਖਾਨ ਦਾ ਫਾਰਮ ਹਾਊਸ ਹੈ। ਉਸੇ ਫਾਰਮ ਹਾਊਸ ਦੇ ਰਸਤੇ 'ਚ ਲਾਰੈਂਸ ਦੇ ਸ਼ੂਟਰਾਂ ਨੇ ਰੇਕੀ ਕਰਕੇ ਇਹ ਕਮਰਾ ਲੈ ਲਿਆ ਸੀ ਅਤੇ ਕਰੀਬ ਡੇਢ ਮਹੀਨੇ ਤੱਕ ਇੱਥੇ ਰਹੇ। ਲਾਰੈਂਸ ਬਿਸ਼ਨੋਈ ਦੇ ਸ਼ੂਟਰਾਂ ਨੇ ਸਲਮਾਨ ਖਾਨ 'ਤੇ ਹਮਲਾ ਕਰਨ ਲਈ ਛੋਟੇ ਹਥਿਆਰ, ਪਿਸਤੌਲ ਦੇ ਕਾਰਤੂਸ ਆਦਿ ਇਕੱਠੇ ਕੀਤੇ ਸਨ ਅਤੇ ਇਹ ਚੀਜ਼ਾਂ ਉਨ੍ਹਾਂ ਦੇ ਕਮਰੇ 'ਚੋਂ ਬਰਾਮਦ ਕੀਤੀਆਂ ਗਈਆਂ ਸਨ। ਮੁਲਜ਼ਮਾਂ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਜਦੋਂ ਸਲਮਾਨ ਖਾਨ ਪਨਵੇਲ ਸਥਿਤ ਆਪਣੇ ਫਾਰਮ ਹਾਊਸ 'ਤੇ ਆਉਂਦੇ ਸੀ ਤਾਂ ਜ਼ਿਆਦਾਤਰ ਸਮਾਂ ਉਸਦਾ ਬਾਡੀਗਾਰਡ ਸ਼ੇਰਾ ਉਸਦੇ ਨਾਲ ਮੌਜੂਦ ਹੁੰਦਾ ਸੀ। ਸ਼ੂਟਰਾਂ ਨੇ ਸਲਮਾਨ ਖਾਨ ਦੇ ਫਾਰਮ ਹਾਊਸ ਵੱਲ ਜਾਣ ਵਾਲੀ ਸੜਕ ਦੀ ਵੀ ਰੇਕੀ ਕੀਤੀ ਸੀ। ਉਨ੍ਹਾਂ ਦੱਸਿਆ ਕਿ ਕਿਉਂਕਿ ਉਸ ਸੜਕ 'ਤੇ ਕਾਫੀ ਟੋਏ ਹਨ, ਇਸ ਲਈ ਉਸ ਸਮੇਂ ਸਲਮਾਨ ਖਾਨ ਦੀ ਗੱਡੀ ਦੀ ਰਫਤਾਰ ਸਿਰਫ 25 ਕਿਲੋਮੀਟਰ ਪ੍ਰਤੀ ਘੰਟਾ ਰਹਿ ਜਾਂਦੀ ਸੀ। ਲਾਰੈਂਸ ਦੇ ਸ਼ੂਟਰ ਨੇ ਸਲਮਾਨ ਖਾਨ ਦੇ ਫੈਨ ਬਣ ਕੇ ਫਾਰਮ ਹਾਊਸ ਦੇ ਸੁਰੱਖਿਆ ਗਾਰਡਾਂ ਨਾਲ ਵੀ ਦੋਸਤੀ ਕਰ ਲਈ ਸੀ ਤਾਂ ਜੋ ਉਨ੍ਹਾਂ ਨੂੰ ਸਲਮਾਨ ਖਾਨ ਦੀ ਹਰਕਤ ਦੀ ਸਾਰੀ ਜਾਣਕਾਰੀ ਮਿਲ ਸਕੇ। ਗੈਂਗ ਦੇ ਇਸ ਪੂਰੇ ਪਲਾਨ ਦੌਰਾਨ ਦੋ ਵਾਰ ਸਲਮਾਨ ਖਾਨ ਵੀ ਆਪਣੇ ਫਾਰਮ ਹਾਊਸ 'ਤੇ ਆਏ ਸਨ ਪਰ ਇਸ ਦੌਰਾਨ ਲਾਰੈਂਸ ਦੇ ਸ਼ੂਟਰ ਹਮਲੇ ਤੋਂ ਖੁੰਝ ਗਏ। ਲਾਰੈਂਸ ਪੰਜਾਬ ਯੂਨੀਵਰਸਿਟੀ ਦੀ ਬਿਸ਼ਨੋਈ ਸਟੂਡੈਂਟ ਆਰਗੇਨਾਈਜੇਸ਼ਨ ਨਾਂ ਦੀ ਸੰਸਥਾ ਚਲਾਉਂਦਾ ਹੈ। ਪਰ ਲਾਰੈਂਸ ਬਿਸ਼ਨੋਈ ਪੰਜਾਬ, ਹਰਿਆਣਾ ਅਤੇ ਰਾਜਸਥਾਨ ਵਿੱਚ ਇੱਕ ਵੱਡੇ ਗੈਂਗਸਟਰ ਵਜੋਂ ਜਾਣਿਆ ਜਾਂਦਾ ਹੈ। ਲਾਰੈਂਸ ਦੇ ਪਿਤਾ ਲਵਿੰਦਰ ਕੁਮਾਰ, ਪੰਜਾਬ ਦੇ ਫਾਜ਼ਿਲਕਾ ਦੇ ਅਬੋਹਰ ਦੇ ਰਹਿਣ ਵਾਲੇ ਹਨ ਅਤੇ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਰਹਿ ਚੁੱਕੇ ਹਨ। ਉਨ੍ਹਾਂ ਕੋਲ ਜੱਦੀ ਜ਼ਮੀਨ ਦੇ ਨਾਂ ’ਤੇ ਕਰੀਬ ਸੱਤ ਕਰੋੜ ਰੁਪਏ ਦੀ ਜਾਇਦਾਦ ਹੈ। ਲਾਰੈਂਸ ਕਤਲ, ਡਕੈਤੀ, ਜਬਰੀ ਵਸੂਲੀ ਵਰਗੇ ਅਪਰਾਧ ਕਰਦਾ ਰਿਹਾ ਹੈ। ਉਹ ਜੇਲ੍ਹ ਜਾ ਕੇ ਜ਼ਮਾਨਤ 'ਤੇ ਰਿਹਾਅ ਵੀ ਹੋ ਗਿਆ ਸੀ। 17 ਜਨਵਰੀ 2015 ਨੂੰ ਜਦੋਂ ਪੰਜਾਬ ਦੀ ਖਰੜ ਪੁਲਿਸ ਉਸ ਨੂੰ ਅਦਾਲਤ ਵਿੱਚ ਪੇਸ਼ੀ ਲਈ ਲੈ ਕੇ ਜਾ ਰਹੀ ਸੀ ਤਾਂ ਉਹ ਪੁਲਿਸ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ। ਬਾਅਦ ਵਿਚ 4 ਮਾਰਚ 2015 ਨੂੰ ਫਾਜ਼ਿਲਕਾ ਪੁਲਿਸ ਨੇ ਉਸਨੂੰ ਫਿਰ ਫੜ ਲਿਆ। ਫ਼ਿਲਹਾਲ ਉਹ ਕਈ ਅਪਰਾਧਿਕ ਮਾਮਲਿਆਂ ਵਿਚ ਪੰਜਾਬ ਪੁਲਿਸ ਦੀ ਰਿਮਾਂਡ 'ਚ ਹੈ। -PTC News