ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਸਬੰਧੀ ਸਮਾਗਮ
ਅੰਮ੍ਰਿਤਸਰ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ। ਇਸ ਸਬੰਧੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਨਾਲ ਸਬੰਧਤ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਦੇ ਭੋਗ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ ਤੇ ਅਰਦਾਸ ਭਾਈ ਸਲਵਿੰਦਰ ਸਿੰਘ ਨੇ ਕੀਤੀ। ਇਸ ਮੌਕੇ ਵਿਚਾਰ ਸਾਂਝੇ ਕਰਦਿਆਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੇ ਕਥਾਵਾਚਕ ਭਾਈ ਹਰਮਿੱਤਰ ਸਿੰਘ ਨੇ ਸੰਗਤਾਂ ਨੂੰ ਭਗਤ ਕਬੀਰ ਜੀ ਦੇ ਜੀਵਨ ਤੋਂ ਜਾਣੂ ਕਰਵਾਇਆ ਤੇ ਉਨ੍ਹਾਂ ਦੇ ਉਪਦੇਸ਼ਾਂ ਉਤੇ ਚੱਲਣ ਦੀ ਪ੍ਰੇਰਣਾ ਕੀਤੀ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ। ਐਡਵੋਕੇਟ ਧਾਮੀ ਨੇ ਇਸ ਮੌਕੇ ਭਗਤ ਕਬੀਰ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਭਗਤ ਵਜੋਂ ਸਤਿਕਾਰੇ ਜਾਂਦੇ ਭਗਤ ਕਬੀਰ ਜੀ ਨੇ ਆਪਣੇ ਕ੍ਰਾਂਤੀਕਾਰੀ ਉਪਦੇਸ਼ਾਂ ਰਾਹੀਂ ਤਤਕਾਲੀ ਧਾਰਮਿਕ ਨਿਘਾਰ ਉਤੇ ਕਰਾਰੀ ਚੋਟ ਮਾਰੀ ਤੇ ਮਾਨਵਤਾ ਨੂੰ ਸੱਚ ਦਾ ਉਪਦੇਸ਼ ਦਿੱਤਾ। ਉਨ੍ਹਾਂ ਸਮਾਜਿਕ ਕੁਰੀਤੀਆਂ ਦਾ ਵਿਰੋਧ ਕਰਦਿਆਂ ਅਕਾਲ ਪੁਰਖ ਦੀ ਭਗਤੀ ਕਰਨ ਦਾ ਰਾਹ ਦਿਖਾਇਆ, ਜੋ ਸਾਡੇ ਲਈ ਅੱਜ ਵੀ ਪ੍ਰੇਰਣਾ ਸਰੋਤ ਹੈ। ਇਸ ਤੋਂ ਇਲਾਵਾ ਮੋਹਾਲੀ ਵਿਖੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਮਹਾਨ ਕ੍ਰਾਂਤੀਕਾਰੀ, ਸ਼ੋ੍ਮਣੀ ਭਗਤ ਕਬੀਰ ਜੀ ਦਾ ਜਨਮ ਦਿਹਾੜਾ ਬੜੀ ਸ਼ਰਧਾ ਪੂਰਵਕ ਮਨਾਇਆ ਗਿਆ। ਸਵੇਰੇ 9 ਵਜੇ ਸ੍ਰੀ ਸਹਿਜ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਉਪਰੰਤ ਕੀਰਤਨ ਦਰਬਾਰ ਸਜਾਇਆ ਗਿਆ। ਸਮਾਗਮ 'ਚ ਭਾਈ ਪ੍ਰਿਤਪਾਲ ਸਿੰਘ ਦੇ ਪੰਥਕ ਜੱਥੇ ਨੇ ਸ਼ੋ੍ਮਣੀ ਭਗਤ ਕਬੀਰ ਜੀ ਦੇ ਜੀਵਨ ਬਿ੍ਤਾਂਤ ਅਤੇ ਉਨ੍ਹਾਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ 'ਚ ਦਰਜ ਬਾਣੀ ਬਾਰੇ ਸੰਗਤਾਂ ਨੂੰ ਵਿਸਥਾਰ ਸਹਿਤ ਸਰਵਣ ਕਰਵਾਇਆ। ਭਾਈ ਜਸਵਿੰਦਰ ਸਿੰਘ ਨੇ ਆਪਣੇ ਰਸ ਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਇਲਾਹੀ ਬਾਣੀ ਨਾਲ ਗਵਾ ਕੇ ਗੁਰੂ ਨਾਲ ਜੋੜਨ ਦਾ ਉਪਰਾਲਾ ਕੀਤਾ। ਭਾਈ ਸੰਦੀਪ ਸਿੰਘ ਸ਼੍ਰੋਮਣੀ ਪ੍ਰਚਾਰਕ ਸ੍ਰੀ ਅਨੰਦਪੁਰ ਸਾਹਿਬ ਵਾਲਿਆਂ ਨੇ ਦੱਸਿਆ ਕਿ ਭਗਤ ਕਬੀਰ ਜੀ ਦਾ ਜਨਮ 1398 ਬਨਾਰਸ ਵਿਖੇ ਹੋਇਆ। ਇਹ ਵੀ ਪੜ੍ਹੋ : ਬੋਰਵੈੱਲ 'ਚ ਫਸਿਆ ਰਾਹੁਲ 106 ਘੰਟਿਆਂ ਬਾਅਦ ਜ਼ਿੰਦਗੀ ਦੀ ਜੰਗ ਜਿੱਤਿਆ