ਬਿਕਰਮ ਸਿੰਘ ਮਜੀਠੀਆ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਸ਼ਹੀਦ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ : ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਆਪਣੀ ਪਤਨੀ ਵਿਧਾਇਕਾ ਗੁਨੀਵ ਕੌਰ ਮਜੀਠੀਆ ਨਾਲ ਅੱਜ ਸਵੇਰੇ ਗੁਰਦੁਆਰਾ ਸ਼ਹੀਦਗੰਜ ਬਾਬਾ ਦੀਪ ਸਿੰਘ ਜੀ ਸ਼ਹੀਦ ਵਿਖੇ ਨਤਮਸਤਕ ਹੋਏ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਇਸ ਮੌਕੇ ਉਨ੍ਹਾਂ ਨੇ ਸ਼ਬਦ ਕੀਰਤਨ ਸਰਵਣ ਕੀਤਾ। ਗੁਰਦੁਆਰਾ ਸਾਹਿਬ ਵਿਖੇ ਆਉਣ ਸਮੇਂ ਵਿੱਚ ਬਿਕਰਮ ਸਿੰਘ ਮਜੀਠੀਆ ਦਾ ਅਕਾਲੀ-ਬਸਪਾ ਵਰਕਰਾਂ ਨੇ ਥਾਂ-ਥਾਂ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਨ੍ਹਾਂ ਨਾਲ ਤਲਬੀਰ ਸਿੰਘ ਗਿੱਲ, ਸ਼੍ਰੋਮਣੀ ਕਮੇਟੀ ਮੈਂਬਰ ਭਗਵੰਤ ਸਿੰਘ ਸਿਆਲਕਾ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਭਿੱਟੇਵਿੰਡ, ਗੁਰਬਚਨ ਸਿੰਘ ਕਰਮੂਵਾਲਾ ਵੀ ਮੌਜੂਦ ਸਨ। ਇਸ ਮਗਰੋਂ ਬਿਕਰਮ ਸਿੰਘ ਮਜੀਠੀਆ ਕੱਥੂਨੰਗਲ ਸਥਿਤ ਗੁਰਦੁਆਰਾ ਜਨਮ ਅਸਥਾਨ ਬਾਬਾ ਬੁੱਢਾ ਜੀ ਵਿਖੇ ਨਤਮਸਤਕ ਹੋਏ। ਇਸ ਮੌਕੇ ਸੰਬੋਧਨ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਗੁਰੂ ਮਹਾਰਾਜ ਦਾ ਸ਼ੁਕਰਾਨਾ ਕਰਦਾ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਮਜੀਠੀਆ ਸਿਰਫ਼ ਸੱਚੇ ਪਾਤਸ਼ਾਹ ਤੋਂ ਡਰਦਾ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਸੌੜੀ ਸੋਚ ਰਾਹੀਂ ਮੇਰੇ ਖ਼ਿਲਾਫ਼ ਕਾਰਵਾਈ ਕੀਤੀ ਗਈ ਸੀ। ਕਿਸੇ ਨੂੰ ਸਬੂਤ ਕੋਈ ਨਹੀਂ ਮਿਲਿਆ ਪਰ ਮੈਨੂੰ ਬਦਨਾਮ ਕਰ ਲਈ ਸੌੜੀ ਰਾਜਨੀਤੀ ਕੀਤੀ ਗਈ। ਕਈ ਡੀਜੀਪੀ ਬਦਲੇ ਗਏ ਤੇ ਜੂਨੀਅਰ ਅਧਿਕਾਰੀਆਂ ਨੂੰ ਨਿਯਮਾਂ ਦੇ ਉਲਟ ਡੀਜੀਪੀ ਬਣਾਇਆ ਗਿਆ। ਇਕਬਾਲ ਪ੍ਰੀਤ ਸਿੰਘ ਸਹੋਤਾ ਉਤੇ ਦਬਾਅ ਬਣਾਇਆ ਗਿਆ ਪਰ ਉਨ੍ਹਾਂ ਝੂਠਾ ਪਰਚਾ ਕਰਨ ਤੋਂ ਨਾਂਹ ਕਰ ਦਿੱਤੀ। ਦਿਨਕਰ ਗੁਪਤਾ ਤੋਂ ਬਾਅਦ ਇਕਬਾਲ ਸਹੋਤਾ, ਫੇਰ ਸਿਧਾਰਥ ਚਟੋਪਾਧਿਆਏ ਜਿਹੜਾ ਪਹਿਲਾਂ ਵੀ ਬਾਦਲ ਸਾਹਿਬ ਖ਼ਿਲਾਫ਼ ਕਾਰਵਾਈ ਕਰ ਚੁੱਕਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਿਧਾਰਥ ਚਟੋਪਾਧਿਆਏ ਖਿਲਾਫ਼ ਸੁਪਰੀਮ ਕੋਰਟ ਦੀ ਟਿੱਪਣੀ ਆਈ ਕਿ ਉਹ ਇਸ ਅਹੁਦੇ ਦੇ ਕਾਬਿਲ ਨਹੀਂ ਹਨ। ਚਟੋਪਾਧਿਆਏ ਦਾ ਨਾਮ ਯੂਪੀਐਸਸੀ ਦੇ ਪੈਨਲ ਵਿੱਚ ਵੀ ਨਹੀਂ ਆਇਆ। ਇਨ੍ਹਾਂ ਨੂੰ ਕੋਈ ਅਫ਼ਸਰ ਨਹੀਂ ਲੱਭ ਰਿਹਾ ਸੀ ਜਿਹੜਾ ਮਜੀਠੀਆ ਖ਼ਿਲਾਫ਼ ਝੂਠਾ ਪਰਚਾ ਕਰੇ। ਸਾਜ਼ਿਸ਼ ਰਚਣ ਵਾਲਾ ਮੁੱਖ ਮੰਤਰੀ ਦੋਵੇਂ ਸੀਟਾਂ ਹਾਰ ਗਿਆ। ਪੰਜਾਬ ਵਿੱਚ ਪਹਿਲੀ ਵਾਰ ਮੌਜੂਦਾ ਮੁੱਖ ਮੰਤਰੀ ਬੁਰੀ ਤਰ੍ਹਾਂ ਹਾਰਦਾ ਦੇਖਿਆ ਗਿਆ। ਇਸ ਦੇ ਉਲਟ ਮਜੀਠੇ ਹਲਕੇ ਦੇ ਲੋਕਾਂ ਦਾ ਪਿਆਰ ਦੇਖੋ ਜਿਹੜੀ ਘਰਦੀ ਮੈਨੂੰ ਵੋਟ ਪਾਉਣ ਨਹੀਂ ਆਉਂਦੀ ਸੀ ਉਸ ਦੇ ਹੱਕ ਵਿੱਚ ਫਤਵਾ ਦਿੱਤਾ। ਨਵਜੋਤ ਸਿੰਘ ਸਿੱਧੂ ਉਤੇ ਟਿੱਪਣੀ ਕਰਦੇ ਹੋਏ ਉਨ੍ਹਾਂ ਨੇ ਕਿਹਾ ਕਿ ਸਿੱਧੂ ਉਸੇ ਥਾਂ ਉਤੇ ਹਾਥੀ ਚੜ੍ਹਿਆ ਜਿਥੇ 32 ਸਾਲ ਪਹਿਲਾਂ ਬੰਦਾ ਮਾਰਿਆ ਸੀ, ਕਿਸੇ ਪੰਡਿਤ ਜਾਂ ਜੋਤਸ਼ੀ ਦੇ ਕਹਿਣ ਉਤੇ ਉਸ ਹੀ ਥਾਂ ਉਤੇ ਹਾਥੀ ਉਪਰ ਚੜ੍ਹਨ ਨਾਲ ਮਸਲਾ ਹੱਲ ਹੋ ਜਾਣਾ ਪਰ ਦੇਖ ਲਓ ਰੱਬ ਦੇ ਰੰਗ ਜੇਲ੍ਹ ਵਿੱਚ ਸਜ਼ਾ ਕੱਟ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦਾ ਕੋਈ ਨਿੱਜੀ ਮਸਲਾ ਨਹੀਂ ਸੀ, ਉਹ 11 ਸਾਲ ਦੇ ਸਨ ਜਦੋਂ ਸ੍ਰੀ ਹਰਿਮੰਦਰ ਸਾਹਿਬ ਦਾ ਮੰਜ਼ਰ ਦੇਖਿਆ ਕਿ ਕਿਸ ਤਰ੍ਹਾਂ ਨਾਲ ਸ੍ਰੀ ਅਕਾਲ ਤਖਤ ਸਾਹਿਬ ਢਹਿਢੇਰੀ ਹੋਇਆ ਸੀ। ਉਨ੍ਹਾਂ ਨੇ ਉਸ ਵੇਲੇ ਹੀ ਪ੍ਰਮਾਤਮਾ ਅੱਗੇ ਸੇਵਾ ਲਈ ਅਰਦਾਸ ਕੀਤੀ ਸੀ। ਇਹ ਵੀ ਪੜ੍ਹੋ : ਦਿੱਲੀ ਦੇ ਉਪ ਮੁੱਖ ਮੰਤਰੀ ਤੇ ਪੰਜਾਬ ਦੇ ਸਿਹਤ ਮੰਤਰੀ ਵੱਲੋਂ ਆਮ ਆਦਮੀ ਕਲੀਨਿਕ ਦਾ ਅਚਨਚੇਤੀ ਦੌਰਾ