ਪੰਜਾਬੀ ਗਾਇਕ ਅਲਫਾਜ਼ 'ਤੇ ਹੋਏ ਹਮਲੇ ਦੀ ਬਿਕਰਮ ਸਿੰਘ ਮਜੀਠੀਆ ਨੇ ਕੀਤੀ ਨਿੰਦਾ
ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਅਲਫ਼ਾਜ਼ 'ਤੇ ਜਾਨਲੇਵਾ ਹਮਲਾ ਹੋਇਆ। ਦੱਸਿਆ ਜਾ ਰਿਹਾ ਹੈ ਕਿ ਅਲਫਾਜ਼ 'ਤੇ ਇਹ ਹਮਲਾ ਮੋਹਾਲੀ ਦੇ ਇਕ ਰੈਸਟੋਰੈਂਟ 'ਚ ਮਾਮੂਲੀ ਤਕਰਾਰ ਤੋਂ ਬਾਅਦ ਕੀਤਾ ਗਿਆ ਹੈ। ਹਮਲੇ ਤੋਂ ਬਾਅਦ ਜ਼ਖਮੀ ਹੋਏ ਅਲਫਾਜ਼ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਹ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖ਼ਲ ਹੈ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਤੋਂ ਬਾਅਦ ਪੌਪ ਗਾਇਕ ਹਨੀ ਸਿੰਘ ਨੇ ਆਪਣੇ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕਰਕੇ ਗਾਇਕ ਅਲਫਾਜ਼ 'ਤੇ ਹੋਏ ਹਮਲੇ ਦੀ ਜਾਣਕਾਰੀ ਦਿੱਤੀ ਹੈ।ਹਨੀ ਸਿੰਘ ਵੱਲੋਂ ਪੋਸਟ ਕੀਤੀ ਗਈ ਤਸਵੀਰ ਵਿੱਚ ਅਲਫ਼ਾਜ਼ ਹਸਪਤਾਲ ਦੇ ਬੈੱਡ 'ਤੇ ਨਜ਼ਰ ਆ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਵੀ ਫੇਸਬੁੱਕ ਪੋਸਟ ਰਾਹੀਂ ਅਲਫ਼ਾਜ਼ 'ਤੇ ਹੋਏ ਜਾਨਲੇਵਾ ਹਮਲੇ ਦੀ ਨਿੰਦਾ ਕੀਤੀ ਹੈ। ਮਜੀਠੀਆ ਨੇ ਕਿਹਾ , "ਪੰਜਾਬੀ ਗਾਇਕ ਅਲਫ਼ਾਜ਼ ਤੇ ਕੁਝ ਅਣਪਛਾਤੇ ਲੋਕਾਂ ਵੱਲੋਂ ਹਮਲਾ ਕਰਨਾ ਬਹੁਤ ਹੀ ਨਿੰਦਣਯੋਗ ਹੈ , ਗੁਰੂ ਸਾਹਿਬ ਅਲਫਾਜ਼ ਨੂੰ ਜਲਦੀ ਠੀਕ ਕਰਨ। ਪੰਜਾਬ ਦੇ ਹਲਾਤ , ਕਾਨੂੰਨ ਅਵਸਥਾ ਦਿਨੋ ਦਿਨ ਖ਼ਰਾਬ ਹੋ ਰਹੀ ਹੈ ਅਤੇ ਪੰਜਾਬ ਦੇ ਮੁੱਖ ਮੰਤਰੀ ਜੀ ਗੁਜਰਾਤ ਭੰਗੜੇ ਪਾ ਰਹੇ ਹਨ।" ਦੱਸ ਦੇਈਏ ਕਿ ਪੁਲਿਸ ਨੇ ਘਟਨਾ ਦੀ ਐਫਆਈਆਰ ਮੁਹਾਲੀ ਦੇ ਥਾਣਾ ਸੋਹਾਣਾ 'ਚ ਦਰਜ ਕਰ ਲਈ ਗਈ ਹੈ। ਇਸ ਹਮਲੇ ਵਿੱਚ ਵਿੱਕੀ ਨਾਮ ਦੇ ਸ਼ਖਸ ਦਾ ਨਾਮ ਸਾਹਮਣੇ ਆਇਆ ਹੈ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਦੀ ਭਾਲ ਜਾਰੀ ਹੈ, ਜਲਦ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਇੱਕ ਰੈਸਟੋਰੈਂਟ ਵਿੱਚ ਵਾਪਰੀ। ਹਮਲੇ ਤੋਂ ਬਾਅਦ ਇੱਕ ਪਿਕਅੱਪ ਟੈਂਪੂ ਨੇ ਅਲਫਾਜ਼ ਨੂੰ ਟੱਕਰ ਮਾਰੀ। -PTC News