ਨਵਜੋਤ ਸਿੱਧੂ ਨੂੰ ਵੱਡਾ ਝਟਕਾ- ਜਤਿੰਦਰ ਕੌਰ ਸੋਨੀਆ ਅਕਾਲੀ ਦਲ ਵਿਚ ਹੋਏ ਸ਼ਾਮਲ
ਅੰਮ੍ਰਿਤਸਰ : ਅੰਮ੍ਰਿਤਸਰ ਪੂਰਬੀ ਹਲਕੇ ਵਿਚ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੂੰ ਉਦੋਂ ਵੱਡਾ ਝਟਕਾ ਲੱਗਾ ਜਦੋਂ ਸ਼ਹਿਰ ਦੇ ਵਾਰਡ ਨੰਬਰ 47 ਤੋਂ ਕਾਂਗਰਸ ਦੇ ਕੌਂਸਲਰ ਜਤਿੰਦਰ ਕੌਰ ਸੋਨੀਆ ਅੱਜ ਸੀਨੀਅਰ ਅਕਾਲੀ ਆਗੂ ਤੇ ਹਲਕੇ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਬਿਕਰਮ ਸਿੰਘ ਮਜੀਠੀਆ ਦੀ ਹਾਜ਼ਰੀ ਵਿਚ ਅਕਾਲੀ ਦਲ ਵਿਚ ਸ਼ਾਮਲ ਹੋ ਗਏ। ਇਸ ਮੌਕੇ ਅਕਾਲੀ ਦਲ ਦੇ ਜਨਰਲ ਸਕੱਤਰ ਰਾਜਨ ਗਿੱਲ ਵੀ ਹਾਜ਼ਰ ਸਨ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਕੌਂਸਲਰ ਜਤਿੰਦਰ ਕੌਰ ਸੋਨੀਆ ਨੂੰ ਸਿਰੋਪਾਓ ਦੇ ਕੇ ਸਨਮਾਨਤਾ ਕੀਤਾ ਤੇ ਭਰੋਸਾ ਦੁਆਇਆ ਕਿ ਉਹਨਾਂ ਨੂੰ ਪਾਰਟੀ ਵਿਚ ਪੂਰਾ ਮਾਣ ਸਤਿਕਾਰ ਤੇ ਜ਼ਿੰਮੇਵਾਰੀ ਦਿੱਤੀ ਜਾਵੇਗੀ। ਇਸ ਮੌਕੇ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਾਂਗਰਸ ਦੀ ਨਫਰਤ ਦੀ ਰਾਜਨੀਤੀ ਦਾ ਖ਼ਾਤਮੇ ਲਈ ਲੋਕ ਇਕਜੁੱਟ ਹੋ ਰਹੇ ਹਨ। ਉਹਨਾਂ ਦੱਸਿਆ ਕਿ ਜਤਿੰਦਰ ਕੌਰ ਸੋਨੀਆ ਜ਼ਮੀਨੀ ਪੱਧਰ 'ਤੇ ਕੰਮ ਕਰਨ ਵਾਲੇ ਆਗੂ ਹਨ ਜੋ 6 ਸਾਲ ਕਾਂਗਰਸ ਦੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਰਹੇ ਹਨ। ਉਹਨਾਂ ਕਿਹਾ ਕਿ ਤਿੰਨ ਵਾਰ ਕੌਂਸਲਰ ਰਹੇ ਜਤਿੰਦਰ ਕੌਰ ਸੋਨੀਆ ਦੇ ਅਕਾਲੀ ਦਲ ਵਿਚ ਸ਼ਾਮਲ ਹੋਣ ਨਾਲ ਪ੍ਰਦੇਸ਼ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨੁੰ ਵੱਡਾ ਝਟਕਾ ਲੱਗਾ ਹੈ। ਉਹਨਾਂ ਕਿਹਾ ਕਿ ਜਤਿੰਦਰ ਕੌਰ ਸੋਨੀਆ ਤੇ ਉਹਨਾਂ ਦੇ ਸਾਥੀ ਲੰਬੇ ਸਮੇਂ ਤੋਂ ਨਵਜੋਤ ਸਿੱਧੂ ਤੇ ਉਹਨਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਤੋਂ ਔਖੇ ਹੋਣ ਦੇ ਬਾਵਜੂਦ ਇਸ ਕਰ ਕੇ ਉਹਨਾਂ ਦੇ ਨਾਲ ਸਨ ਕਿਉਂਕਿ ਇਹ ਲੋਕਾਂ ਦੇ ਕੰਮ ਕਰਵਾਉਣ ਦੇ ਇੱਛੁਕ ਸਨ। ਉਹਨਾਂ ਕਿਹਾ ਕਿ ਇਹਨਾਂ ਕੌਂਸਲਰਾਂ ਦਾ ਵੀ ਸਿੱਧੂ ਜੋੜੇ ਨੇ ਕਦੇ ਸਨਮਾਨ ਨਹੀਂ ਕੀਤਾ। ਲੱਡੂ ਪਹਿਲਵਾਨ, ਰਾਜੇਸ਼ ਮਦਾਨ ਤੇ ਰਾਜਿੰਦਰ ਸੈਣੀ ਤੋਂ ਬਾਅਦ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਣ ਜਤਿੰਦਰ ਕੌਰ ਸੋਨੀਆ ਚੌਥੇ ਕੌਂਸਲਰ ਹਨ। ਮਜੀਠੀਆ ਨੇ ਕਿਹਾ ਕਿ ਇੰਨੀ ਵੱਡੀ ਗਿਣਤੀ ਵਿਚ ਕੌਂਸਲਰਾਂ ਵੱਲੋਂ ਪ੍ਰਦੇਸ਼ ਕਾਂਗਰਸ ਪ੍ਰਧਾਨ ਦੇ ਹਲਕੇ ਵਿਚ ਪਾਰਟੀ ਛੱਡਣਾ ਉਹਨਾਂ ਦੇ ਹੰਕਾਰ ਤੇ ਹਊਮੇ ਦੀ ਰਾਜਨੀਤੀ ਨੂੰ ਰੱਦ ਕਰਨਾ ਹੈ। ਉਹਨਾਂ ਕਿਹਾ ਕਿ ਇਹ ਲੋਕ ਅੱਜ ਸਰਬ ਸਾਂਝੀਵਾਲਤਾ ਤੇ ਪਿਆਰ ਤੇ ਸਤਿਕਾਰ ਦੇ ਲਈ ਅਕਾਲੀ ਦਲ ਵਿਚ ਸ਼ਾਮਲ ਹੋਏ ਹਨ। ਸਿੱਧੂ 'ਤੇ ਹਮਲਾ ਬੋਲਦਿਆਂ ਮਜੀਠੀਆ ਨੇ ਕਿਹਾ ਕਿ ਕਾਂਗਰਸ ਵਿਚ ਹਮੇਸ਼ਾ ਪ੍ਰਦੇਸ਼ ਕਾਂਗਰਸ ਪ੍ਰਧਾਨ ਹੀ ਮੁੱਖ ਮੰਤਰੀ ਦੇ ਅਹੁਦੇ ਲਈ ਚੇਹਰਾ ਹੁੰਦਾ ਹੈ ਪਰ ਨਵਜੋਤ ਸਿੱਧੂ ਨੂੰ ਇਹ ਚੇਹਰਾ ਨਾ ਬਣਾ ਕੇ ਕਾਂਗਰਸ ਨੇ ਆਪ ਹੀ ਸਾਬਤ ਕਰ ਦਿੱਤਾ ਹੈ ਕਿ ਉਹ ਅਯੋਗ ਆਗੂ ਹਨ ਜੋ ਸਭ ਨੁੰ ਨਾਲ ਲ ਕੇ ਨਹੀਂ ਚਲ ਸਕਦੇ ਤੇ ਨਫਰਤ ਦੀ ਰਾਜਨੀਤੀ ਇਸ ਪਵਿੱਤਰ ਧਰਤੀ 'ਤੇ ਕਰਦੇ ਹਨ। ਇਸ ਮੌਕੇ ਕੌਂਸਲਰ ਜਤਿੰਦਰ ਕੌਰ ਸੋਨੀਆ ਨੇ ਕਿਹਾ ਕਿ ਨਵਜੋਤ ਸਿੱਧੂ ਦੀ ਇਮਾਨਦਾਰੀ ਬਿਲਕੁਲ ਢੋਂਗ ਹੈ। ਉਹਨਾਂ ਕਿਹਾ ਕਿ ਨਵਜੋਤ ਕੌਰ ਸਿੱਧੂ ਨੇ ਅੱਠ ਲੱਖ ਰੁਪਏ ਪ੍ਰਤੀ ਪਟਵਾਰੀ ਬਦਲੀ ਦਾ ਲਿਆ ਹੈ। ਇੰਨਾ ਹੀ ਨਹੀਂ ਬਲਕਿ ਕੌਂਸਲਰ ਲਈ ਟਿਕਟਾਂ ਵੀ ਇਹਨਾਂ ਪੈਸੇ ਲੈ ਕੇ ਵੇਚੀਆਂ ਹਨ। ਉਹਨਾਂ ਕਿਹਾ ਕਿ ਇਹ ਸਿਰਫ ਇਮਾਨਦਾਰ ਦਾ ਪਾਠ ਲੋਕਾਂ ਨੂੰ ਪੜ੍ਹਾਉਂਦੇ ਹਨ ਜਦੋਂ ਕਿ ਪੈਸੇ ਤੋਂ ਬਗੈਰ ਇਹ ਕਿਸੇ ਦਾ ਕੰਮ ਨਹੀਂ ਕਰਦੇ। ਉਹਨਾਂ ਕਿਹਾ ਕਿ ਸਿੱਧੂ ਜੋੜਾ ਪੰਜਾਬ ਦੇ ਲੋਕਾਂ ਨੁੰ ਗੁੰਮਰਾਹ ਕਰਨ ਦਾ ਕੰਮ ਕਰ ਰਿਹਾ ਹੈ। ਇਸ ਮੌਕੇ ਜਤਿੰਦਰ ਕੌਰ ਸੋਨੀਆ ਨੇ ਆਪਣੇ ਵਾਰਡ ਵਾਸੀਆਂ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਜਤਿੰਦਰ ਕੌਰ ਸੋਨੀਆ ਦੇ ਨਾਲ ਹੀ ਊਸ਼ਾ ਸ਼ਰਮਾ, ਸੰਜੇ ਪ੍ਰਧਾਨ, ਦੀਪਕ ਸੇਠ, ਗੁਰਪ੍ਰਤਾਪ ਸਿੰਘ ਹੈਪੀ, ਰਾਜੇਸ਼ ਕੁਮਾਰ, ਹਰਪਾਲ, ਹਰਿੰਦਰ, ਨਿਸ਼ਾਨ ਸਿੰਘ, ਵਿਵੇਕ ਖੰਨਾ, ਜਤਿੰਦਰ ਤੇ ਸੋਨੀ ਆਦਿ ਆਗੂ ਵੀ ਕਾਂਗਰਸ ਛੱਡ ਕੇ ਅਕਾਲੀ ਦਲ ਵਿਚ ਸ਼ਾਮਲ ਹੋਏ। -PTC News