ਜਲੰਧਰ 'ਚ ਹੋਈ ਵੱਡੀ ਲੁੱਟ ਦੀ ਵਾਰਦਾਤ, ਲੁਟੇਰਿਆਂ ਨੇ ਯੂਕੋ ਬੈਂਕ 'ਚੋਂ ਲੁੱਟੇ 13 ਲੱਖ ਰੁਪਏ
ਜਲੰਧਰ: ਜਲੰਧਰ ਮਹਾਨਗਰ 'ਚ ਇਕ ਵਾਰ ਫਿਰ ਲੁੱਟ-ਖੋਹ ਦੀਆਂ ਘਟਨਾਵਾਂ 'ਚ ਵਾਧਾ ਹੋਣ ਲੱਗਾ ਹੈ। ਇਸ ਦੇ ਨਾਲ ਹੀ ਯੂਕੋ ਬੈਂਕ ਤੋਂ ਲੁੱਟ ਦਾ ਮਾਮਲਾ ਸਾਹਮਣੇ ਆਇਆ ਹੈ। ਦਿਨ-ਦਿਹਾੜੇ 3 ਲੁਟੇਰਿਆਂ ਨੇ ਹਥਿਆਰਾਂ ਦੇ ਜ਼ੋਰ 'ਤੇ ਯੂਕੋ ਬੈਂਕ 'ਚੋਂ 13 ਲੱਖ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ। ਇਸ ਦੇ ਨਾਲ ਹੀ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਮੌਕੇ 'ਤੇ ਪਹੁੰਚੇ ਪੁਲਿਸ ਮੁਲਾਜ਼ਮਾਂ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੈਂਕ ਮੁਲਾਜ਼ਮਾਂ ਨੇ ਦੱਸਿਆ ਕਿ ਲੁਟੇਰੇ 3 ਸਨ ਜਿਨ੍ਹਾਂ ਵਿੱਚੋਂ 2 ਪਿਸਤੌਲ ਲੈ ਕੇ ਆਏ ਸਨ। ਬਰਾਂਚ 'ਚ ਰੱਖੀ 13 ਲੱਖ ਰੁਪਏ ਦੀ ਨਕਦੀ ਤੋਂ ਇਲਾਵਾ ਉਹਨਾਂ ਨੇ ਉੱਥੇ ਆਏ ਲੋਕਾਂ ਦੇ ਸੋਨੇ-ਚਾਂਦੀ ਦੇ ਗਹਿਣੇ ਵੀ ਲਾਹ ਲਏ। ਬੈਂਕ ਸਟਾਫ ਨੇ ਦੱਸਿਆ ਕਿ ਲੁਟੇਰੇ ਨੇ ਪਿਸਤੌਲ ਤਾਣ ਕੇ ਲੋਕਾਂ ਨੂੰ ਗਹਿਣੇ ਉਤਾਰਨ ਲਈ ਕਿਹਾ। ਲੁਟੇਰਿਆਂ ਨੇ ਬੈਂਕ 'ਚ ਮੌਜੂਦ ਔਰਤ ਦੀ ਸੋਨੇ ਦੀ ਚੇਨ, ਬਰੇਸਲੇਟ ਅਤੇ ਅੰਗੂਠੀ ਖੋਹ ਲਈ।ਸਾਰੇ ਲੁਟੇਰਿਆਂ ਨੇ ਆਪਣੀ ਪਛਾਣ ਛੁਪਾਉਣ ਲਈ ਮੂੰਹ 'ਤੇ ਮਾਸਕ ਪਾਏ ਹੋਏ ਸਨ। ਇਹ ਵੀ ਪੜ੍ਹੋ : ਬਠਿੰਡਾ ਦੇ ਸਿਵਲ ਹਸਪਤਾਲ 'ਚ ਐਕਸ-ਰੇ ਮਸ਼ੀਨਾਂ ਖ਼ਰਾਬ ਹੋਣ ਕਾਰਨ ਮਰੀਜ਼ ਪਰੇਸ਼ਾਨ ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਵਿਨੋਦ ਕੁਮਾਰ ਨੇ ਦੱਸਿਆ ਕਿ ਬੈਂਕ ਦੇ ਅੰਦਰ 3 ਲੁਟੇਰੇ ਆਏ, ਜਿਨ੍ਹਾਂ 'ਚੋਂ 2 ਕੋਲ ਹਥਿਆਰ ਸਨ। ਉਸ ਨੇ ਦੱਸਿਆ ਕਿ ਇੱਕ ਨੇ ਪਿਸਤੌਲ ਤਾਣ ਕੇ ਬੈਂਕ ਵਿੱਚ ਮੌਜੂਦ ਲੋਕਾਂ ਨੂੰ ਸੋਨਾ ਉਤਾਰਨ ਲਈ ਕਿਹਾ। ਇਸ ਦੇ ਨਾਲ ਹੀ ਇਕ ਮੈਡਮ ਦੀ ਚੇਨ ਅਤੇ ਮੁੰਦਰੀ ਲਾਹ ਕੇ 13 ਲੱਖ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਿਆ। ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ ਵਿੱਚ ਲੁੱਟ-ਖੋਹ ਦੀਆਂ ਵਾਰਦਾਤਾਂ ਕਾਰਨ ਇਲਾਕੇ ਦੇ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਇਲਾਕੇ ਵਿੱਚ ਕਈ ਛੋਟੇ-ਵੱਡੇ ਉਦਯੋਗ ਹਨ, ਜਿਨ੍ਹਾਂ ਦੇ ਮਾਲਕ ਅਤੇ ਪ੍ਰਬੰਧਕ ਵੀ ਲੁੱਟ ਦੀ ਖ਼ਬਰ ਤੋਂ ਬਾਅਦ ਹੈਰਾਨ ਹਨ, ਕਿਉਂਕਿ ਫੈਕਟਰੀਆਂ ਵਿੱਚੋਂ ਰੋਜ਼ਾਨਾ ਨਕਦੀ ਵੀ ਬੈਂਕ ਵਿੱਚ ਜਮ੍ਹਾਂ ਕਰਵਾਈ ਜਾਂਦੀ ਹੈ ਅਤੇ ਦੇਣਦਾਰੀਆਂ ਲਈ ਨਕਦੀ ਵੀ ਬੈਂਕ ਵਿੱਚੋਂ ਲਿਆਂਦੀ ਜਾਂਦੀ ਹੈ। ਘਟਨਾ ਤੋਂ ਬਾਅਦ ਬੈਂਕ ਕਰਮਚਾਰੀਆਂ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਬੈਂਕ ਪਹੁੰਚ ਕੇ ਉਥੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਹਾਸਲ ਕੀਤੀ। (ਪਤਰਸ ਮਸੀਹ ਦੀ ਰਿਪੋਰਟ) -PTC News