ਚੇਨਈ ਟੀਮ 'ਚ ਵੱਡਾ ਬਦਲਾਅ, 37 ਦਿਨ ਬਾਅਦ ਧੋਨੀ ਮੁੜ ਬਣੇ ਕਪਤਾਨ
ਨਵੀਂ ਦਿੱਲੀ : ਰਵਿੰਦਰ ਜਡੇਜਾ ਨੇ IPL-2022 'ਚ ਖਰਾਬ ਪ੍ਰਦਰਸ਼ਨ ਤੋਂ ਬਾਅਦ ਕਪਤਾਨੀ ਛੱਡ ਦਿੱਤੀ ਹੈ। ਆਈਪੀਐਲ ਸੀਜ਼ਨ ਦੌਰਾਨ ਹੀ ਚੇਨਈ ਟੀਮ ਨੇ ਵੱਡਾ ਫੇਰਬਦਲ ਕੀਤਾ ਹੈ। ਉਨ੍ਹਾਂ ਨੇ ਇਕ ਵਾਰ ਫਿਰ ਤੋਂ ਮਹਿੰਦਰ ਸਿੰਘ ਧੋਨੀ ਨੂੰ ਟੀਮ ਦੀ ਵਾਗਡੋਰ ਸੌਂਪ ਦਿੱਤੀ ਹੈ। ਇਸ ਸੀਜ਼ਨ ਵਿੱਚ ਚੇਨਈ 8 ਮੈਚ ਖੇਡਣ ਤੋਂ ਬਾਅਦ ਸਿਰਫ 2 ਮੈਚ ਹੀ ਜਿੱਤ ਸਕੀ। ਹੁਣ ਬਾਕੀ ਬਚੇ ਮੈਚਾਂ ਵਿੱਚ ਇੱਕ ਵਾਰ ਫਿਰ ਐਮਐਸ ਧੋਨੀ ਕਪਤਾਨੀ ਕਰਦੇ ਨਜ਼ਰ ਆਉਣਗੇ। CSK ਦੀ ਪ੍ਰੈਸ ਰਿਲੀਜ਼ ਅਨੁਸਾਰ ਰਵਿੰਦਰ ਜਡੇਜਾ ਨੇ ਆਪਣੀ ਖੇਡ 'ਤੇ ਜ਼ਿਆਦਾ ਧਿਆਨ ਦੇਣ ਲਈ ਕਪਤਾਨੀ ਛੱਡਣ ਦਾ ਫ਼ੈਸਲਾ ਕੀਤਾ ਹੈ ਅਤੇ ਧੋਨੀ ਨੂੰ ਚੇਨਈ ਟੀਮ ਦੀ ਅਗਵਾਈ ਕਰਨ ਦੀ ਬੇਨਤੀ ਕੀਤੀ ਹੈ। ਧੋਨੀ ਨੇ ਟੀਮ ਦੇ ਹਿੱਤ 'ਚ ਇਸ ਅਪੀਲ ਨੂੰ ਸਵੀਕਾਰ ਕਰ ਲਿਆ ਹੈ ਅਤੇ ਖੁਦ ਕਪਤਾਨੀ ਸੰਭਾਲਣ ਦਾ ਫ਼ੈਸਲਾ ਲਿਆ ਹੈ। ਚੇਨਈ ਸੁਪਰ ਕਿੰਗਜ਼ ਦਾ ਅਗਲਾ ਮੈਚ ਐਤਵਾਰ ਮਤਲਬ 1 ਮਈ ਨੂੰ ਹੈ। ਜਦੋਂ ਚੇਨਈ ਸੁਪਰ ਕਿੰਗਜ਼ ਸਨਰਾਈਜ਼ਰਸ ਹੈਦਰਾਬਾਦ ਖਿਲਾਫ਼ ਮੈਦਾਨ 'ਚ ਉਤਰੇਗੀ ਤਾਂ ਮਹਿੰਦਰ ਸਿੰਘ ਧੋਨੀ ਟੀਮ ਦੀ ਅਗਵਾਈ ਕਰਨਗੇ। ਰਵਿੰਦਰ ਜਡੇਜਾ ਆਮ ਤੌਰ 'ਤੇ ਆਈਪੀਐੱਲ 'ਚ ਚੰਗਾ ਪ੍ਰਦਰਸ਼ਨ ਕਰਦੇ ਸਨ ਪਰ ਕਪਤਾਨੀ ਦੇ ਦਬਾਅ 'ਚ ਉਨ੍ਹਾਂ ਦਾ ਪ੍ਰਦਰਸ਼ਨ ਕਾਫੀ ਖ਼ਰਾਬ ਰਿਹਾ। ਅਜਿਹੇ 'ਚ ਜਡੇਜਾ ਦੀ ਕਾਫੀ ਆਲੋਚਨਾ ਹੋ ਰਹੀ ਸੀ ਪਰ ਕਿਸੇ ਨੂੰ ਵਿਸ਼ਵਾਸ ਨਹੀਂ ਸੀ ਕਿ ਸਰ ਰਵਿੰਦਰ ਜਡੇਜਾ ਇੰਨਾ ਵੱਡਾ ਫ਼ੈਸਲਾ ਲੈ ਸਕਦੇ ਹਨ। ਜਡੇਜਾ ਦੇ ਕਪਤਾਨੀ ਛੱਡਣ ਤੋਂ ਬਾਅਦ ਧੋਨੀ ਦੂਜੀ ਵਾਰ ਟੀਮ ਦੀ ਕਪਤਾਨੀ ਸੰਭਾਲਣਗੇ। 33 ਸਾਲਾ ਜਡੇਜਾ 2012 ਤੋਂ ਚੇਨਈ ਟੀਮ ਨਾਲ ਜੁੜੇ ਹੋਏ ਹਨ। 24 ਮਾਰਚ ਨੂੰ ਧੋਨੀ ਨੇ ਅਚਾਨਕ ਉਨ੍ਹਾਂ ਨੂੰ ਕਪਤਾਨੀ ਸੌਂਪਣ ਦਾ ਐਲਾਨ ਕਰ ਦਿੱਤਾ। ਫਿਰ ਜਡੇਜਾ ਚੇਨਈ ਦੇ ਤੀਜੇ ਕਪਤਾਨ ਬਣੇ। ਮਹਿੰਦਰ ਸਿੰਘ ਧੋਨੀ ਆਈਪੀਐਲ ਦੇ ਪਹਿਲੇ ਸੀਜ਼ਨ ਮਤਲਬ 2008 ਤੋਂ ਟੀਮ ਦੀ ਅਗਵਾਈ ਕਰ ਰਹੇ ਸਨ। ਧੋਨੀ ਨੇ 213 ਮੈਚਾਂ 'ਚ ਕਪਤਾਨੀ ਕਰਦੇ ਹੋਏ 130 ਮੈਚਾਂ 'ਚ ਟੀਮ ਨੂੰ ਜਿੱਤ ਦਿਵਾਈ ਹੈ। ਇਸ ਵਿਚਾਲੇ ਸੁਰੇਸ਼ ਰੈਨਾ ਨੇ 6 ਮੈਚਾਂ 'ਚ ਕਪਤਾਨੀ ਵੀ ਕੀਤੀ ਹੈ, ਜਿਸ 'ਚੋਂ ਟੀਮ ਸਿਰਫ 2 ਮੈਚ ਹੀ ਜਿੱਤ ਸਕੀ ਹੈ। ਇਹ ਵੀ ਪੜ੍ਹੋ : ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਜਾਰੀ : ਆਈਜੀ