ਲੁਧਿਆਣਾ ਨਗਰ ਨਿਗਮ ਨੂੰ ਵੱਡਾ ਝਟਕਾ, 100 ਕਰੋੜ ਮੁਆਵਜ਼ੇ ਦੀ ਸਮੀਖਿਆ ਵਾਲੀ ਪਟੀਸ਼ਨ ਰੱਦ
ਲੁਧਿਆਣਾ: ਲੁਧਿਆਣਾ ਨਗਰ ਨਿਗਮ ਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਫਿਰ ਇੱਕ ਵੱਡਾ ਝਟਕਾ ਦਿੱਤਾ ਹੈ। ਨੈਸ਼ਨਲ ਗਰੀਨ ਟ੍ਰਿਬਿਊਨਲ ਦੁਆਰਾ ਸੌ ਕਰੋੜ ਰੁਪਏ ਮੁਆਵਜ਼ਾ ਜਮ੍ਹਾਂ ਕਰਵਾਉਣ ਦੇ ਖਿਲਾਫ਼ ਨਗਰ ਨਿਗਮ ਵੱਲੋਂ ਦਾਇਰ ਸਮੀਖਿਆ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਹੈ। ਮਿਲੀ ਜਾਣਕਾਰੀ ਮੁਤਾਬਿਕ ਹੁਣ ਫੰਡ ਦੀ ਕਮੀ ਦੇ ਕਾਰਨ ਜੂਝ ਰਹੇ ਨਗਰ ਨਿਗਮ ਹੁਣ ਇਹ ਮਾਮਲਾ ਸੂਬਾ ਸਰਕਾਰ ਦੇ ਅੱਗੇ ਰੱਖੇਗਾ। ਦੱਸ ਦੇਈਏ ਕਿ 25 ਜੁਲਾਈ ਨੂੰ ਲੁਧਿਆਣਾ ਦੇ ਤਾਜਪੁਰ ਰੋਡ ਦੇ ਕੋਲ ਡੰਪ ਸਾਈਟ ਦੇ ਨਾਲ ਇਕ ਝੁੱਗੀ ਵਿਚ ਅੱਗ ਲੱਗਣ ਦੀ ਘਟਨਾ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ ਸੀ, ਜਿਸ ਨੂੰ ਲੈ ਕੇ ਜ਼ਿਲ੍ਹਾ ਮੈਜਿਸਟ੍ਰੇਟ ਲੁਧਿਆਣਾ ਨੇ ਨਗਰ ਨਿਗਮ ਨੂੰ 100 ਕਰੋੜ ਰੁਪਏ ਜਮ੍ਹਾ ਕਰਵਾਉਣ ਦੇ ਆਦੇਸ਼ ਜਾਰੀ ਕੀਤੇ ਸਨ ਕਿਉਂਕਿ ਐੱਨਜੀਟੀ ਵੱਲੋਂ ਗਠਿਤ ਕੀਤੀ ਗਈ ਮਨੀਟਰਿੰਗ ਕਮੇਟੀ ਵੱਲੋਂ ਰਿਪੋਰਟ ਪੇਸ਼ ਕੀਤੀ ਗਈ ਸੀ। ਨਗਰ ਨਿਗਮ ਵਿਭਾਗ ਦੇ ਅਫ਼ਸਰ ਤਾਜਪੁਰ ਰੋਡ ਦੇ ਕੋਲ ਬਣੇ ਵੱਡੇ ਕੂੜੇ ਦੇ ਡੰਪ ਦੇ ਪ੍ਰਬੰਧਾਂ ਅਤੇ ਨਿਯਮਾਂ ਨੂੰ ਸਹੀ ਢੰਗ ਨਾਲ ਚਲਾਉਣ ਦੇ ਵਿੱਚ ਫੇਲ੍ਹ ਸਾਬਿਤ ਹੋਏ ਹਨ, ਜਿਸ ਦੇ ਕਾਰਨ ਡੰਪ ਦੀ ਸਾਈਡ ਦੇ ਕੋਲ ਲਗਪਗ ਤੀਹ ਲੱਖ ਮੀਟ੍ਰਿਕ ਟਨ ਪੁਰਾਣਾ ਕੱਚਰਾ ਜਮ੍ਹਾਂ ਹੋ ਗਿਆ। ਐੱਨਜੀਟੀ ਦੇ ਫ਼ੈਸਲੇ ਤੋਂ ਬਾਅਦ ਨਗਰ ਨਿਗਮ ਨੇ ਐਨਜੀਟੀ ਦੇ ਖ਼ਿਲਾਫ਼ ਸਮੀਖਿਆ ਪਟੀਸ਼ਨ ਦਾਇਰ ਕੀਤੀ ਸੀ ਜੋ ਖਾਰਜ ਹੋ ਗਈ ਹੈ। ਨਗਰ ਨਿਗਮ ਇਸ ਪੂਰੇ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਵੀ ਪੜ੍ਹੋ:ਸੋਨਾਲੀ ਫੋਗਾਟ ਦਾ ਅੱਜ ਹਿਸਾਰ 'ਚ ਹੋਵੇਗਾ ਅੰਤਿਮ ਸੰਸਕਾਰ -PTC News