ਪਾਕਿਸਤਾਨ ਦੇ ਕਰਾਚੀ 'ਚ ਹੋਇਆ ਵੱਡਾ ਧਮਾਕਾ, 12 ਦੀ ਮੌਤ, ਕਈ ਗੰਭੀਰ ਜ਼ਖ਼ਮੀ
Karachi Blast: ਪਾਕਿਸਤਾਨ (Pakistan) ਦੇ ਕਰਾਚੀ ਦੇ ਸ਼ੇਰਸ਼ਾਹ ਪਰਾਚਾ ਚੌਕ ਇਲਾਕੇ 'ਚ ਵੱਡਾ ਧਮਾਕਾ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਧਮਾਕੇ ਵਿਚ ਕਈ ਲੋਕਾਂ ਦੀ ਮੌਤ ਹੋ ਗਈ ਤੇ ਕਈ ਗੰਭੀਰ ਜ਼ਖ਼ਮੀ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਧਮਾਕਾ ਇਕ ਨਿੱਜੀ ਬੈਂਕ ਦੇ ਨੇੜੇ ਸਾਈਟ ਏਰੀਆ 'ਚ ਹੋਇਆ, ਜਿਸ ਕਾਰਨ ਇਲਾਕੇ 'ਚ ਸਥਿਤ ਹੋਰ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਪੁਲਿਸ ਅਤੇ ਬਚਾਅ ਅਧਿਕਾਰੀ ਧਮਾਕੇ ਵਾਲੀ ਥਾਂ 'ਤੇ ਪਹੁੰਚ ਗਏ ਹਨ। ਬਚਾਅ ਅਧਿਕਾਰੀ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਲਿਜਾ ਰਹੇ ਹਨ। ਜ਼ਖ਼ਮੀਆਂ ਵਿਚੋਂ ਚਾਰ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਇਸ ਨਾਲ ਹੀ ਰਿਪੋਰਟ ਮੁਤਾਬਕ ਇਸ ਧਮਾਕੇ 'ਚ 12 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਪੁਲਿਸ ਮੁਤਾਬਕ ਧਮਾਕੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ। ਧਮਾਕਾ ਹੁੰਦੇ ਹੀ ਪੂਰੇ ਇਲਾਕੇ 'ਚ ਹਫੜਾ-ਦਫੜੀ ਮਚ ਗਈ। ਲੋਕ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜਦੇ ਦੇਖੇ ਗਏ। ਹਾਦਸੇ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਮੌਕੇ 'ਤੇ ਮੌਜੂਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਹੈ। ਨਾਲ ਹੀ ਮਲਬਾ ਵੀ ਫੈਲਿਆ ਹੋਇਆ ਹੈ। ਮੁੱਢਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਧਮਾਕਾ ਸ਼ੇਰਸ਼ਾਹ ਦੇ ਪਾਰਚਾ ਚੌਕ ਨੇੜੇ ਐੱਚ.ਬੀ.ਐੱਲ ਬੈਂਕ ਦੀ ਇਕ ਸ਼ਾਖਾ ਦੇ ਅੰਦਰ ਹੋਇਆ, ਜਿਸ 'ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮੁੱਢਲੀ ਜਾਣਕਾਰੀ ਮੁਤਾਬਕ ਧਮਾਕਾ ਜ਼ਮੀਨਦੋਜ਼ ਗੈਸ ਪਾਈਪਲਾਈਨ ਕਾਰਨ ਹੋਇਆ ਹੈ। ਹਾਲਾਂਕਿ ਧਮਾਕੇ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। -PTC News