ਸੰਯੁਕਤ ਕਿਸਾਨ ਮੋਰਚਾ ਦਾ ਵੱਡਾ ਐਲਾਨ, ਲਖੀਮਪੁਰ ਖੀਰੀ ਕਾਂਡ ਵਾਲੇ ਦਿਨ ਮਨਾਇਆ ਜਾਵੇਗਾ ਕਾਲਾ ਦਿਵਸ
ਨਵੀਂ ਦਿੱਲੀ: ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਅਹਿਮ ਕਾਨਫਰੰਸ ਕੀਤੀ ਗਈ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਅੱਜ ਇਹ ਤੈਅ ਹੋਇਆ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੂੰ ਦੁਬਾਰਾ ਖੜ੍ਹਾ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਹ ਫ਼ੈਸਲਾ ਕੀਤਾ ਗਿਆ ਹੈ ਕਿ 3 ਅਕਤੂਬਰ ਨੂੰ ਲਖੀਮਪੁਰ ਖੀਰੀ ਕਾਂਡ ਵਾਪਰਿਆ ਸੀ ਉਸ ਦਿਨ ਕਿਸਾਨ ਭਰਾ ਕਾਲਾ ਦਿਵਸ ਮਨਾਉਣਗੇ। ਇਸ ਮੌਕੇ ਕਿਸਾਨ ਆਗੂ ਯੁੱਧਵੀਰ ਸਿੰਘ ਨੇ ਕਿਹਾ ਕਿ 3 ਅਕਤੂਬਰ ਨੂੰ ਪੂਰੇ ਦੇਸ਼ ਵਿਚ ਕਾਲਾ ਦਿਵਸ ਮਨਾਇਆ ਜਾਵੇਗਾ। 26 ਨਵੰਬਰ ਨੂੰ ਜਿਸ ਦਿਨ ਕਿਸਾਨ ਅੰਦੋਲਨ ਸ਼ੁਰੂ ਹੋਇਆ ਸੀ ਉਸ ਦਿਨ ਅਸੀਂ ਆਪਣੀ ਹੱਕੀ ਮੰਗਾਂ ਲਈ ਸੂਬੇ ਦੇ ਰਾਜਪਾਲ ਨੂੰ ਮੰਗ ਪੱਤਰ ਸੌਂਪਾਂਗੇ। ਉਨ੍ਹਾਂ ਨੇ ਅੱਗੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਵਿਸਥਾਰ ਲਈ ਇਕ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਯੋਗਿੰਦਰ ਯਾਦਵ ਨਿੱਜੀ ਰੁਝੇਵਿਆਂ ਕਾਰਨ ਐਸਕੇਐਮ ਵਿੱਚ ਨਹੀਂ ਰਹਿ ਸਕਦੇ। ਇਸ ਤੋਂ ਇਲਾਵਾ ਉਨ੍ਹਾਂ ਦੇ ਸੰਗਠਨ ਦੇ ਸਾਥੀ ਮੋਰਚੇ ਵਿਚ ਹੀ ਰਹਿਣਗੇ। ਇਸ ਮੌਕੇ ਰਾਕੇਸ਼ ਟਕੈਤ ਨੇ ਕਿਹਾ ਕਿ ਅੱਜ ਕਾਫੀ ਫ਼ੈਸਲੇ ਹੋਏ ਹਨ ਤੇ ਸਾਡਾ ਅੰਦੋਲਨ ਅੱਗੇ ਵੀ ਚੱਲਦਾ ਰਹੇਗਾ। ਹਰ ਸੂਬੇ ਦੇ ਅਲੱਗ ਮੁੱਦੇ ਹਨ, ਜਿਸ ਉਤੇ ਅੰਦੋਲਨ ਚੱਲ ਰਹੇ ਹਨ ਤੇ ਉਹ ਵੀ ਚੱਲਦੇ ਰਹਿਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਅੱਗੇ ਕਿਹਾ ਕਿ 3 ਅਕਤੂਬਰ ਨੂੰ ਜੋ ਸਾਥੀ ਕਿਸਾਨ ਸ਼ਹੀਦ ਹੋਏ ਹਨ ਉਨ੍ਹਾਂ ਨੂੰ ਇਨਸਾਫ਼ ਦਿਵਾਉਣ ਲਈ ਵੀ ਸੰਘਰਸ਼ ਉਲੀਕਿਆ ਗਿਆ ਹੈ। ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਨੇ ਕਿਹਾ ਕਿ ਐਮਐਸਪੀ ਕਮੇਟੀ ਦੇ ਨਾਮ ਉਤੇ ਸਰਕਾਰੀ ਕਮੇਟੀ ਬਣਾਈ ਗਈ ਹੈ। ਸੰਯੁਕਤ ਕਿਸਾਨ ਮੋਰਚਾ ਇਸ ਕਮੇਟੀ ਨੂੰ ਸਵੀਕਾਰ ਨਹੀਂ ਕਰਦਾ। ਸਰਕਾਰ ਵਾਅਦਾ ਕਰ ਕੇ ਮੁਕਰ ਰਹੀ ਹੈ। ਡਰਾਫਟ ਕਮੇਟੀ SKM ਦਾ ਵਿਸਥਾਰ ਕਰੇਗੀ। ਰੁਲਦੂ ਸਿੰਘ ਮਾਨਸਾ ਨੇ ਕਿਹਾ ਕਿ ਜੋ ਸੰਗਠਨ ਅਲੱਗ-ਅਲੱਗ ਕੰਮ ਕਰ ਰਹੇ ਸਨ, ਕਿਸਾਨ ਮਹਾਸੰਘ ਤੋਂ ਸ਼ਿਵ ਕੁਮਾਰ ਕੱਕਾ ਤੇ ਜਗਜੀਤ ਸਿੰਘ ਡੱਲੇਵਾਲ ਦਾ ਸੰਯੁਕਤ ਕਿਸਾਨ ਮੋਰਚੇ ਨਾਲ ਕੋਈ ਸਬੰਧ ਨਹੀਂ ਰਹੇਗਾ। ਉਨ੍ਹਾਂ ਨੂੰ ਜਥੇਬੰਦੀ ਤੋਂ ਬਾਹਰ ਕਰ ਦਿੱਤਾ ਗਿਆ ਹੈ। -PTC News ਇਹ ਵੀ ਪੜ੍ਹੋ : ਬਿਕਰਮ ਸਿੰਘ ਮਜੀਠੀਆ ਵੱਲੋਂ ਜਥੇਦਾਰ ਜਫਰਵਾਲ ਦੇ ਪਰਿਵਾਰ ਨਾਲ ਦੁੱਖ ਜ਼ਾਹਿਰ