ਭੁਪਿੰਦਰ ਹਨੀ ਦੀ ਨਿਆਇਕ ਹਿਰਾਸਤ 27 ਮਈ ਤੱਕ ਵਧੀ
ਜਲੰਧਰ : ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਭੁਪਿੰਦਰ ਹਨੀ ਤੇ ਉਸਦੇ ਸਾਥੀ ਕੁਦਰਤਦੀਪ ਸਿੰਘ ਦੀ ਅਦਾਲਤ ਵਿੱਚ ਸੁਣਵਾਈ ਹੋਈ। ਕਪੂਰਥਲਾ ਜੇਲ੍ਹ ਵਿੱਚ ਬੰਦ ਭੁਪਿੰਦਰ ਹਨੀ ਦੀ ਵੀਡੀਓ ਕਾਨਫਰੰਸਿੰਗ ਜ਼ਰੀਏ ਪੇਸ਼ੀ ਕਰਵਾਈ ਗਈ । ਕੁਦਰਤ ਦੀਪ ਅਦਾਲਤ ਵਿੱਚ ਪੇਸ਼ ਨਹੀਂ ਹੋਇਆ। ਅਦਾਲਤ ਨੇ ਭੁਪਿੰਦਰ ਹਨੀ ਦੀ ਨਿਆਇਕ ਹਿਰਾਸਤ ਵਿੱਚ ਵਾਧਾ ਕਰ ਦਿੱਤਾ ਹੈ। 27 ਮਈ ਨੂੰ ਅਗਲੀ ਸੁਣਵਾਈ ਹੋਵੇਗੀ। ਕੁਦਰਤ ਦੀਪ ਦੀ ਗ੍ਰਿਫ਼ਤਾਰੀ ਲਈ ਦੁਬਾਰਾ ਵਾਰੰਟ ਜਾਰੀ ਕੀਤੇ ਗਏ ਹਨ। ਇਨਫੋਰਸਮੈਂਟ ਡਾਇਰੈਕਟਰ ਨੇ ਭੁਪਿੰਦਰ ਹਨੀ ਨੂੰ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਸੀ। ਈਡੀ ਵੱਲੋਂ ਅਦਾਲਤ ਵਿੱਚ ਪੇਸ਼ ਕੀਤੇ ਗਏ ਚਲਾਨ ਵਿੱਚ ਭੁਪਿੰਦਰ ਹਨੀ ਦੇ ਨਾਲ ਉਸ ਦੇ ਸਾਥੀ ਕੁਦਰਤਦੀਪ ਸਿੰਘ ਨੂੰ ਵੀ ਮੁਲਜ਼ਮ ਬਣਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਚਾਰਜਸ਼ੀਟ 31 ਮਾਰਚ ਨੂੰ ਪੀਐੱਮਐੱਲਏ, 2002 ਦੀ ਧਾਰਾ 3, 4, 44 ਤੇ 45 ਤਹਿਤ ਦਾਇਰ ਕੀਤੀ ਗਈ ਸੀ। ਈਡੀ ਨੇ ਹਨੀ ਨੂੰ 3 ਅਤੇ 4 ਫਰਵਰੀ ਦੀ ਰਾਤ ਗ੍ਰਿਫ਼ਤਾਰ ਕੀਤਾ ਸੀ ਤੇ ਨਿਯਮ ਅਨੁਸਾਰ ED ਨੇ ਉਸ ਦੇ ਖਿਲਾਫ਼ 60 ਦਿਨਾਂ ਦੇ ਅੰਦਰ ਚਾਰਜਸ਼ੀਟ ਦਾਇਰ ਕਰਨੀ ਸੀ। ਈਡੀ ਨੇ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਕੁਝ ਦਿਨ ਪਹਿਲਾਂ 18 ਜਨਵਰੀ ਨੂੰ ਹਨੀ ਤੇ ਹੋਰਨਾਂ ਖਿਲਾਫ਼ 10 ਜਗ੍ਹਾ ਉਤੇ ਛਾਪੇਮਾਰੀ ਕੀਤੀ ਸੀ। ਈਡੀ ਨੇ ਹਨੀ ਦੇ ਕੰਪਲੈਕਸ ਤੋਂ ਕਰੀਬ 7.9 ਕਰੋੜ ਰੁਪਏ ਨਕਦੀ ਤੇ ਉਸਦੇ ਇਕ ਸਹਿਯੋਗੀ ਸੰਦੀਪ ਕੁਮਾਰ ਕੋਲੋਂ 2 ਕਰੋੜ ਰੁਪਏ ਨਕਦੀ ਜ਼ਬਤ ਕੀਤੀ ਸੀ। ਬਾਅਦ 'ਚ ਈਡੀ ਨੇ ਹਨੀ ਨੂੰ ਕਈ ਵਾਰ ਪੁੱਛਗਿੱਛ ਲਈ ਬੁਲਾਇਆ ਸੀ ਤੇ ਅਖੀਰ ਵਿੱਚ ਉਸ ਨੂੰ 3 ਫਰਵਰੀ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਲਗਾਤਾਰ 7 ਦਿਨ ਤਕ ਈਡੀ ਨੇ ਹਨੀ ਨੂੰ ਰਿਮਾਂਡ 'ਚ ਰੱਖਿਆ ਸੀ ਜਿਸ ਤੋਂ ਬਾਅਦ ਉਸ ਨੂੰ ਨਿਆਇਕ ਹਿਰਾਸਤ 'ਚ ਜੇਲ੍ਹ ਭੇਜ ਦਿੱਤਾ ਸੀ ਅਤੇ ਉਹ ਹੁਣ ਤਕ ਜੇਲ੍ਹ 'ਚ ਹੀ ਬੰਦ ਹੈ। ਚੋਣ ਤੋਂ ਪਹਿਲਾਂ ਹਨੀ ਦੀ ਗ੍ਰਿਫਤਾਰੀ ਨਾਲ ਸਿਆਸਤ ਕਾਫੀ ਭਖ ਗਈ ਸੀ ਅਤੇ ਕਾਂਗਰਸ ਅਤੇ ਚਰਨਜੀਤ ਸਿੰਘ ਚੰਨੀ ਉਤੇ ਵਿਰੋਧੀ ਪਾਰਟੀਆਂ ਨਿਸ਼ਾਨਾ ਸਾਧਿਆ ਸੀ। ਇਹ ਵੀ ਪੜ੍ਹੋ : ਇੰਜੀਨੀਅਰ ਸੋਹਣਾ ਤੇ ਮੋਹਣਾ ਦੀ ਕੀਤੀ ਮਾਨਾਂਵਾਲਾ ਬਦਲੀ