ਕੇਂਦਰੀ ਜੇਲ੍ਹ 'ਚ ਸਿੱਧੂ ਵਾਲੀ ਬੈਰਕ ਦੇ ਪਿੱਛੇ ਜੌੜਾ ਚੱਕੀ ਬੈਰਕ ’ਚ ਬੰਦ ਹਨ ਆਸ਼ੂ
ਗਗਨਦੀਪ ਸਿੰਘ ਅਹੂਜਾ, (ਪਟਿਆਲਾ, 1 ਸਤੰਬਰ): ਅਨਾਜ ਢੋਆ-ਢੁਆਈ ਘੁਟਾਲੇ ਵਿੱਚ ਗ੍ਰਿਫ਼ਤਾਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਕੇਂਦਰੀ ਜੇਲ੍ਹ ਪਟਿਆਲਾ ਦੀ ਜੌੜਾ ਚੱਕੀ ਬੈਰਕ ਵਿੱਚ ਰੱਖਿਆ ਗਿਆ ਹੈ। ਆਸ਼ੂ ਤੋਂ ਇਲਾਵਾ ਤਿੰਨ ਹੋਰ ਹਵਾਲਾਤੀ ਵੀ ਇਸ ਬੈਰਕ ਵਿੱਚ ਬੰਦ ਹਨ। ਇਹ ਬੈਰਕ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਪੌਪ ਗਾਇਕ ਦਲੇਰ ਮਹਿੰਦੀ ਦੀ ਬੈਰਕ ਦੇ ਪਿਛਲੇ ਪਾਸੇ ਸਥਿਤ ਹੈ।
ਪੁਲਿਸ ਸੂਤਰਾਂ ਮੁਤਾਬਿਕ ਜੇਲ੍ਹ ਵਿਚ ਆਸ਼ੂ ਦੀ ਪਹਿਲੀ ਰਾਤ ਬੇਚੈਨੀ ਭਰੀ ਰਹੀ। ਆਸ਼ੂ ਨੇ ਰਾਤ ਦਾ ਖਾਣਾ ਅਤੇ ਸਵੇਰੇ ਨਾਸ਼ਤਾ ਜੇਲ੍ਹ ਨਿਯਮਾਂ ਅਨੁਸਾਰ ਕੀਤਾ ਅਤੇ ਫਿਲਹਾਲ ਜੇਲ੍ਹ ਪ੍ਰਸ਼ਾਸਨ ਤੋਂ ਕੋਈ ਮੰਗ ਨਹੀਂ ਕੀਤੀ ਹੈ। ਟੈਂਡਰ ਘੁਟਾਲੇ ’ਚ ਗ੍ਰਿਫ਼ਤਾਰ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਲੁਧਿਆਣਾ ਕੋਰਟ ਨੇ ਬੁੱਧਵਾਰ ਨੂੰ 14 ਦਿਨ ਦੀ ਨਿਆਇਕ ਹਿਰਾਸਤ 'ਤੇ ਭੇਜਿਆ ਹੈ। ਬੁੱਧਵਾਰ ਦੀ ਦੇਰ ਸ਼ਾਮ ਨੂੰ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਲਿਆਂਦਾ ਗਿਆ ਹੈ।
ਵੀਰਵਾਰ ਨੂੰ ਆਸ਼ੂ ਦਾ ਜੇਲ੍ਹ ਹਸਪਤਾਲ 'ਚ ਮੈਡੀਕਲ ਕਰਵਾਇਆ ਗਿਆ ਅਤੇ ਪੁਰਾਣੇ ਮੈਡੀਕਲ ਆਧਾਰ 'ਤੇ ਜਾਂਚ ਕਰ ਕੇ ਕੁੱਝ ਦਵਾਈਆਂ ਵੀ ਦਿੱਤੀਆਂ ਗਈਆਂ ਹਨ। ਦੱਸ ਦੇਈਏ ਕਿ ਸਾਬਕਾ ਮੰਤਰੀ ਆਸ਼ੂ ਨੂੰ ਪੁਲਿਸ ਦੀ ਟੀਮ ਵੱਲੋਂ ਬੀਤੀ ਰਾਤ ਨੌਂ ਵਜੇ ਦੇ ਕਰੀਬ ਕੇਂਦਰੀ ਜੇਲ੍ਹ ਲੈ ਆਉਂਦਾ ਗਿਆ ਸੀ। ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਭਾਰਤ ਭੂਸ਼ਣ ਆਸ਼ੂ ਤੋਂ ਇਲਾਵਾ ਰੋਡ ਰੇਜ ਕੇਸ ਵਿੱਚ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਕਬੂਤਰਬਾਜ਼ੀ ਦੇ ਮਾਮਲੇ ਵਿੱਚ ਪੌਪ ਗਾਇਕ ਦਲੇਰ ਮਹਿੰਦੀ ਵੀ ਬੰਦ ਹਨ।
ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਨੇ ਟੈਂਡਰ ਘਪਲੇ ਵਿਚ ਸਾਬਕਾ ਖ਼ੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਗ੍ਰਿਫਤਾਰ ਕੀਤਾ ਸੀ। ਇਸ ਤੋਂ ਪਹਿਲਾਂ ਜੂਨ ਵਿੱਚ ਵਿਜੀਲੈਂਸ ਨੇ ਭ੍ਰਿਸ਼ਟਾਚਾਰ ਦੇ ਇਲਜ਼ਾਮ ਵਿੱਚ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਸਾਧੂ ਸਿੰਘ ਧਰਮਸੋਤ ਨੂੰ ਗ੍ਰਿਫ਼ਤਾਰ ਕੀਤਾ ਸੀ।
ਇਹ ਵੀ ਪੜ੍ਹੋ: ਵਿਜੀਲੈਂਸ ਵੱਲੋਂ ਮਾਲ ਪਟਵਾਰੀ ਰਿਸ਼ਵਤ ਲੈਂਦਾ ਰੰਗੇ ਹੱਥੀਂ ਕਾਬੂ
-PTC News