ਫੌਜਾ ਸਿੰਘ ਸਰਾਰੀ ਨੂੰ ਤੁਰੰਤ ਬਰਖ਼ਾਸਤ ਕਰਨ ਭਗਵੰਤ ਮਾਨ : ਬਾਜਵਾ
ਚੰਡੀਗੜ੍ਹ : ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਫੂਡ ਪ੍ਰੋਸੈਸਿੰਗ, ਬਾਗਬਾਨੀ ਅਤੇ ਰੱਖਿਆ ਸੇਵਾਵਾਂ ਭਲਾਈ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਤੁਰੰਤ ਕੈਬਨਿਟ ਵਿੱਚੋਂ ਬਰਖਾਸਤ ਕਰਨ ਦੀ ਮੰਗ ਕੀਤੀ ਹੈ। ਬਾਜਵਾ ਨੇ ਭਗਵੰਤ ਮਾਨ ਨੂੰ ਐਤਵਾਰ ਨੂੰ ਵਾਇਰਲ ਹੋਈ ਉਸ ਆਡੀਓ ਕਲਿੱਪ ਦੀ ਵੀ ਜਾਂਚ ਦੇ ਹੁਕਮ ਦੇਣ ਦੀ ਮੰਗ ਕੀਤੀ, ਜਿਸ ਵਿਚ ਕੈਬਨਿਟ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਕਥਿਤ ਤੌਰ 'ਤੇ ਆਪਣੇ ਇਕ ਕਰੀਬੀ ਸਾਥੀ ਰਾਹੀਂ ਪੈਸੇ ਦਾ ਸੌਦਾ ਤੈਅ ਕਰਦੇ ਸੁਣਿਆ ਗਿਆ ਸੀ। “ਕੁਝ ਮੀਡੀਆ ਰਿਪੋਰਟਾਂ" ਅਨੁਸਾਰ, ਸਰਾਰੀ ਨੇ ਮੰਨਿਆ ਹੈ ਕਿ ਆਡੀਓ ਕਲਿੱਪ ਵਿਚ ਆਵਾਜ਼ ਉਸਦੀ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਗੱਲਬਾਤ ਗੁੱਸੇ ਵਾਲੀ ਸੀ। ਇਸ ਲਈ ਆਡੀਓ ਕਲਿੱਪ ਦੀ ਸੱਚਾਈ ਤੇ ਪ੍ਰਮਾਣਿਕਤਾ ਦੀ ਜਾਂਚ ਕਰਨਾ ਤੇ ਇਹ ਜਾਣਨ ਲਈ ਕਿ ਕੀ ਕੈਬਨਿਟ ਮੰਤਰੀ ਪੈਸਿਆਂ ਦਾ ਸੌਦਾ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਇਸ ਮੁੱਦੇ ਦੀ ਤਹਿ ਤੱਕ ਜਾਣ ਲਈ ਇਹ ਸਭ ਤੋਂ ਵੱਧ ਜ਼ਰੂਰੀ ਹੈ। ਬਾਜਵਾ ਨੇ ਕਿਹਾ ਕਿ ਆਡੀਓ ਕਲਿੱਪ ਦੀ ਨਿਰਪੱਖ ਤੇ ਸੁਤੰਤਰ ਜਾਂਚ ਉਦੋਂ ਹੀ ਸੰਭਵ ਹੋਵੇਗੀ ਜਦੋਂ ਕੈਬਨਿਟ ਮੰਤਰੀ ਜਾਂ ਤਾਂ ਆਪਣੀ ਮਰਜ਼ੀ ਨਾਲ ਅਸਤੀਫਾ ਦੇਵੇ ਜਾਂ ਭਗਵੰਤ ਮਾਨ ਉਨ੍ਹਾਂ ਨੂੰ ਅਸਤੀਫਾ ਦੇਣ ਲਈ ਕਹਿਣ। “ਭਗਵੰਤ ਮਾਨ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ 25 ਮਈ ਨੂੰ ਉਨ੍ਹਾਂ ਨੇ ਆਪਣੇ ਹੀ ਸਿਹਤ ਮੰਤਰੀ ਡਾ. ਵਿਜੇ ਸਿੰਗਲਾ ਨੂੰ ਇਕ ਵੀਡੀਓ ਸੰਦੇਸ਼ ਵਿਚ ਇਹ ਦਾਅਵਾ ਕਰਨ ਤੋਂ ਬਾਅਦ ਬਰਖਾਸਤ ਕਰ ਦਿੱਤਾ ਸੀ ਕਿ ਉਹ ਫ਼ੋਨ ਉੱਤੇ ਭ੍ਰਿਸ਼ਟਾਚਾਰ ਵਿਚ ਲਿਪਤ ਪਾਏ ਗਏ ਸਨ ਤੇ ਭਗਵੰਤ ਮਾਨ ਨੇ ਉਸ ਨੂੰ ਮੰਤਰੀ ਮੰਡਲ 'ਚੋਂ ਬਰਖਾਸਤ ਕੀਤਾ। ਸਗੋਂ ਡਾ. ਸਿੰਗਲਾ ਨੂੰ ਦੋਸ਼ਾਂ ਵਿਚ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।" ਬਾਜਵਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਇਕ ਵਾਰ ਫਿਰ ਉਦਾਹਰਨ ਦੇਣੀ ਚਾਹੀਦੀ ਹੈ ਤੇ ਸਰਾਰੀ ਨੂੰ ਉਸ ਦੇ ਆਡੀਓ ਕਲਿੱਪ ਦੀ ਜਾਂਚ ਪੂਰੀ ਹੋਣ ਤੱਕ ਬਰਖ਼ਾਸਤ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਕੋਈ ਜਾਂਚ ਨਹੀਂ ਕੀਤੀ ਜਾਂਦੀ ਤਾਂ ਇਸ ਦਾ ਮਤਲਬ ਭਗਵੰਤ ਮਾਨ ਦਾ ਦੋਹਰਾ ਮਾਪਦੰਡ ਹੋਵੇਗਾ। ਇਸ ਤੋਂ ਇਲਾਵਾ ਜੇ ਸਰਾਰੀ ਕੈਬਨਿਟ ਦੇ ਅਹੁਦੇ 'ਤੇ ਕਾਬਜ਼ ਰਹਿੰਦਾ ਹੈ ਤਾਂ ਉਹ ਸ਼ਿਕਾਇਤਕਰਤਾਵਾਂ ਦੇ ਨਾਲ-ਨਾਲ ਕੇਸ ਦੇ ਗਵਾਹਾਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ ਜੋ ਆਡੀਓ ਕਲਿੱਪ ਦੇ ਤੱਥਾਂ 'ਤੇ ਹੋਰ ਰੌਸ਼ਨੀ ਪਾਉਣ ਲਈ ਅੱਗੇ ਆਉਣਾ ਚਾਹੁੰਦੇ ਹਨ। ਬਾਜਵਾ ਨੇ ਕਿਹਾ ਕਿ ਅਸਲ 'ਚ ਪੰਜਾਬ 'ਚ ਸੱਤਾ 'ਚ ਆਉਣ ਤੋਂ ਬਾਅਦ ਭਗਵੰਤ ਮਾਨ ਸਰਕਾਰ ਨੇ ਹੀ ਲੋਕਾਂ ਨੂੰ ਭ੍ਰਿਸ਼ਟਾਚਾਰ ਦੇ ਖਾਤਮੇ ਲਈ ਆਡੀਓ ਤੇ ਵੀਡੀਓ ਕਲਿੱਪਾਂ ਦੇ ਨਾਲ ਆਪਣੇ ਅਧਿਕਾਰਤ ਵੈੱਬ ਪੋਰਟਲ 'ਤੇ ਸ਼ਿਕਾਇਤਾਂ ਕਰਨ ਲਈ ਉਤਸ਼ਾਹਿਤ ਕੀਤਾ। ਬਾਜਵਾ ਨੇ ਟਵੀਟ ਕਰਦੇ ਹੋਏ ਕਿਹਾ ਕਿ ਭਗਵੰਤ ਮਾਨ ਨੂੰ ਫੌਜਾ ਸਿੰਘ ਸਰਾਰੀ ਨੂੰ ਆਪਣੀ ਕੈਬਨਿਟ ਵਿਚੋਂ ਬਰਖਾਸਤ ਕਰਨਾ ਚਾਹੀਦਾ ਹੈ ਅਤੇ ਲੀਕ ਹੋਈ ਆਡੀਓ ਕਲਿੱਪ ਦੀ ਸੁਤੰਤਰ ਜਾਂਚ ਦਾ ਆਦੇਸ਼ ਦੇਣਾ ਚਾਹੀਦਾ ਹੈ ਜਿਸ ਵਿਚ ਕੈਬਨਿਟ ਮੰਤਰੀ ਨੂੰ ਕਥਿਤ ਤੌਰ 'ਤੇ ਪੈਸੇ ਦਾ ਸੌਦਾ ਤੈਅ ਕਰਦੇ ਸੁਣਿਆ ਗਿਆ ਹੈ। ਇਹ ਮਾਮਲਾ ਡਾਕਟਰ ਵਿਜੇ ਸਿੰਗਲਾ ਤੋਂ ਵੱਖਰਾ ਨਹੀਂ ਹੈ। ਦੇਖਦੇ ਹਾਂ ਕਿ ਕੀ ਇਸ ਵਾਰ ਵੀ ਭਗਵੰਤ ਮਾਨ ਮਿਸਾਲ ਪੇਸ਼ ਕਰਨਗੇ। -PTC News ਇਹ ਵੀ ਪੜ੍ਹੋ : ਬਾਈਕ 'ਤੇ ਪਿੱਛੇ ਬੈਠੇ ਬਲਦ ਦੀ ਵੀਡਿਓ ਹੋ ਰਹੀ ਹੈ ਵਾਇਰਲ, ਹੁਣ ਤੱਕ ਮਿਲ ਚੁੱਕੇ ਹਨ ਲੱਖਾਂ Views