ਭਗਵੰਤ ਮਾਨ ਪੰਜਾਬ ਦੇ ਸਕੂਲਾਂ ਦੀ ਤਾਰੀਫ ਕਰਨ ਦੀ ਬਜਾਏ ਦਿੱਲੀ ਦੇ ਝੂਠੇ ਮਾਡਲ ਦੇ ਸੋਹਲੇ ਗਾ ਰਹੇ : ਹਰਸਿਮਰਤ ਕੌਰ ਬਾਦਲ
ਬਠਿੰਡਾ : ਬਠਿੰਡਾ ਤੋਂ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਉਤੇ ਨਿਸ਼ਾਨਾ ਸਾਧਿਆ। ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਇਹ ਸੱਚਮੁੱਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਕੇਂਦਰ ਵੱਲੋਂ ਸਿੱਖਿਆ ਵਿੱਚ ਪੰਜਾਬ ਨੂੰ ਪਹਿਲਾ ਦਰਜਾ ਦੇਣ ਉਤੇ ਮਾਣ ਕਰਨ ਦੀ ਬਜਾਏ ਭਗਵੰਤ ਸਿੰਘ ਮਾਨ ਹੋਰਾਂ ਨੂੰ ਖ਼ੁਸ਼ ਕਰਨ ਉਤੇ ਲੱਗੇ ਹੋਏ ਹਨ। ਉਨ੍ਹਾਂ ਨੇ ਅੱਗੇ ਕਿਹਾ ਕਿ ਭਗਵੰਤ ਸਿੰਘ ਮਾਨ ਕੇਂਦਰ ਦੀ ਰੈਂਕਿੰਗ ਵਿੱਚ ਸਭ ਤੋਂ ਹੇਠਲੇ ਪੰਜ ਵਿੱਚ ਖੜ੍ਹੇ ਦਿੱਲੀ ਦੇ ਅਸਫਲ ਸਿੱਖਿਆ ਮਾਡਲ ਨੂੰ ਪੰਜਾਬ ਵਿੱਚ ਅੱਗੇ ਵਧਾ ਰਹੇ ਹਨ। ਭਗਵੰਤ ਸਿੰਘ ਮਾਨ ਦੇਸ਼ ਦੇ ਕਿਸੇ ਸੂਬੇ ਦੇ ਪਹਿਲੇ ਅਜਿਹੇ ਮੁੱਖ ਮੰਤਰੀ ਹੋਣਗੇ ਜੋ ਆਪਣੇ ਹੀ ਸੂਬੇ ਦੇ ਅਧਿਆਪਕਾਂ, ਸਿੱਖਿਆ ਵਿਭਾਗ ਅਤੇ ਵਿਦਿਆਰਥੀਆਂ ਦੀ ਮਿਹਨਤ ਦੀ ਕਦਰ ਨਹੀਂ ਕਰ ਰਹੇ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਤਾਰੀਫ ਕਰਨ ਦੀ ਬਜਾਏ ਦਿੱਲੀ ਦੇ ਸਕੂਲਾਂ ਦੇ ਸੋਹਲੇ ਗਾ ਰਹੇ ਹਨ। ਜ਼ਿਕਰਯੋਗ ਹੈ ਕਿ ਕੇਂਦਰ ਵੱਲੋਂ ਜਾਰੀ ਸੂਚੀ ਵਿੱਚ ਪੰਜਾਬ ਦੇ ਸਕੂਲਾਂ ਦਾ ਸ਼ਾਨਦਾਰ ਪ੍ਰਦਰਸ਼ਨ ਰਿਹਾ ਸੀ। ਇਸ ਨੂੰ ਲੈ ਕੇ ਹਰ ਕਈ ਖੁਸ਼ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚ ਸਕੂਲਾਂ ਦੇ ਹਾਲਾਤ ਤੇ ਦਿੱਲੀ ਵਿੱਚ ਸ਼ਾਨਦਾਰ ਸਕੂਲਾਂ ਦੇ ਨਾਂ ਉਤੇ ਵੋਟਾਂ ਮੰਗੀਆਂ ਸਨ। ਇਸ ਨਾਲ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਇਸ ਲਈ ਆਮ ਆਦਮੀ ਪਾਰਟੀ ਵਿਰੋਧੀ ਧਿਰਾਂ ਦੇ ਨਿਸ਼ਾਨੇ ਉਤੇ ਆ ਗਈ ਹੈ। ਕਾਂਗਰਸ ਵੱਲੋਂ ਵੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿਖੇਧੀ ਕੀਤੀ ਗਈ ਹੈ। ਇਹ ਵੀ ਪੜ੍ਹੋ : ਜਲੰਧਰ ਦੇ ਗੋਪਾਲ ਨਗਰ ਫਾਇਰਿੰਗ ਮਾਮਲੇ 'ਚ ਫ਼ਰਾਰ ਸ਼ੂਟਰ ਮਹਾਰਾਸ਼ਟਰ ਤੋਂ ਗ੍ਰਿਫ਼ਤਾਰ