ਭਗਵੰਤ ਮਾਨ ਨੇ ਪਤਨੀ ਸਮੇਤ 'ਖੇਡਾਂ ਵਤਨ ਪੰਜਾਬ ਦੀਆਂ' ਦਾ ਕੀਤਾ ਉਦਘਾਟਨ
ਜਲੰਧਰ : 'ਖੇਡਣ ਵਤਨ ਪੰਜਾਬ ਦੀਆਂ' ਦਾ ਉਦਘਾਟਨ ਜਲੰਧਰ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਖੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤਾ ਗਿਆ। ਹਾਲਾਂਕਿ ਮੀਂਹ ਨੇ ਪ੍ਰੋਗਰਾਮ ਵਿੱਚ ਵਿਘਨ ਪਾ ਦਿੱਤਾ ਅਤੇ ਪ੍ਰੋਗਰਾਮ ਲਗਭਗ ਤਿੰਨ ਘੰਟੇ ਦੇਰੀ ਨਾਲ ਸ਼ੁਰੂ ਹੋਇਆ। ਇਨ੍ਹਾਂ ਖੇਡਾਂ ਲਈ ਵੱਡੇ ਪੱਧਰ ਉਤੇ ਤਿਆਰੀ ਕੀਤੀ ਹੋਈ ਸੀ। ਪੰਜਾਬ ਦੇ ਪ੍ਰਸਿੱਧ ਸੂਫੀ ਗਾਇਕਾ ਜੋਤੀ ਨੂਰਾਂ, ਅੰਮ੍ਰਿਤ ਮਾਨ ਨੇ ਵੀ ਆਪਣੇ ਗੀਤਾਂ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣੀ ਪਤਨੀ ਡਾ. ਗੁਰਪ੍ਰੀਤ ਕੌਰ ਨਾਲ 'ਖੇਡਣ ਵਤਨ ਪੰਜਾਬ ਦੀਆਂ' ਦੀ ਸ਼ੁਰੂਆਤ ਕਰਨ ਲਈ ਚਾਰ ਵਜੇ ਪੁੱਜੇ ਸਨ। ਉਨ੍ਹਾਂ ਦਾ ਭਰਵਾਂ ਸਵਾਗਤ ਕੀਤਾ ਗਿਆ। ਮੈਦਾਨ ਤੋਂ ਇਲਾਵਾ ਵੀਵੀਆਈਪੀ ਗੈਲਰੀ ਪਾਣੀ ਨਾਲ ਭਰ ਗਈ। ਮੀਂਹ ਕਾਰਨ ਪ੍ਰੋਗਰਾਮ ਤਕਰੀਬਨ ਤਿੰਨ ਘੰਟੇ ਦੇਰੀ ਨਾਲ ਸ਼ੁਰੂ ਹੋਇਆ। ਸਟੇਡੀਅਮ ਵਿੱਚ ਸਿੱਖ ਮਾਰਸ਼ਲ ਆਰਟ ਗੱਤਕਾ ਸ਼ੁਰੂ ਹੋਇਆ। ਇਸ ਮਗਰੋਂ ਤੇਜ਼ ਮੀਂਹ ਵੀ ਸ਼ੁਰੂ ਹੋ ਗਿਆ। ਇਸ ਕਾਰਨ ਗੱਤਕੇ ਨੂੰ ਅੱਧ ਵਿਚਕਾਰ ਬੰਦ ਕਰਨਾ ਪਿਆ। ਮੀਂਹ ਰੁਕਣ ਤੋਂ ਬਾਅਦ ਸਟੇਜ ਵਿਚੋਂ ਪਾਣੀ ਕੱਢਿਆ ਗਿਆ। ਭਿੱਜੀਆਂ ਕੁਰਸੀਆਂ ਤੇ ਸੋਫ਼ਿਆਂ ਦੀ ਥਾਂ ਨਵੀਆਂ ਕੁਰਸੀਆਂ ਲਿਆਂਦੀਆਂ ਗਈਆਂ। ਇਸ ਸਭ ਕਾਰਨ 4 ਵਜੇ ਸ਼ੁਰੂ ਹੋਣ ਵਾਲਾ ਪ੍ਰੋਗਰਾਮ 6:50 ਵਜੇ ਸ਼ੁਰੂ ਹੋ ਗਿਆ। ਪੰਜਾਬ ਦੇ ਮੈਗਾ ਸਪੋਰਟਸ ਈਵੈਂਟ 'ਖੇਡਾਂ ਵਤਨ ਪੰਜਾਬ ਦੀਆਂ' ਦੀ ਸ਼ੁਰੂਆਤ ਨੂੰ ਲੈ ਕੇ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ 'ਚ ਸ਼ਾਨਦਾਰ ਤਿਆਰੀਆਂ ਕੀਤੀਆਂ ਗਈਆਂ ਸਨ। ਸਾਰੇ ਸਕੂਲਾਂ ਦੇ ਬੱਚਿਆਂ ਨੂੰ ਸਟੇਡੀਅਮ ਵਿੱਚ ਬੁਲਾਇਆ ਗਿਆ ਸੀ। ਮਸ਼ਾਲ ਯਾਤਰਾ ਵਿੱਚ 13 ਓਲੰਪਿਕ ਅਤੇ ਰਾਸ਼ਟਰਮੰਡਲ ਖੇਡਾਂ ਦੇ ਤਗਮਾ ਜੇਤੂ ਖਿਡਾਰੀਆਂ ਨੇ ਹਿੱਸਾ ਲਿਆ। ਇਹ ਵੀ ਪੜ੍ਹੋ : ਚੰਡੀਗੜ੍ਹ ਨਿਗਮ ਦੇ ਐੱਸਡੀਓ ਤੇ ਐਕਸੀਅਨ ਵਿਚਾਲੇ ਹੋਈ ਝੜਪ; ਇਕ ਮੁਅੱਤਲ ਇਨ੍ਹਾਂ ਵਿੱਚ ਬਲਜੀਤ ਸਿੰਘ ਢਿੱਲੋਂ, ਸਿਮਰਨਜੀਤ ਕੌਰ ਚਕਰ, ਰਜਿੰਦਰ ਸਿੰਘ ਰਹੇਲੂ, ਮਨਜੀਤ ਕੌਰ, ਵਿਕਾਸ ਠਾਕੁਰ, ਗੁਰਜੀਤ ਕੌਰ, ਦਮਨੀਤ ਸਿੰਘ ਮਾਨ, ਸਵਰਨ ਸਿੰਘ ਵਿਰਕ, ਸੁਖਪਾਲ ਸਿੰਘ ਪਾਲੀ, ਹਰਪ੍ਰੀਤ ਸਿੰਘ ਹੈਪੀ, ਸੁਮਨ ਸ਼ਰਮਾ, ਪ੍ਰਣਵ ਚੋਪੜਾ ਅਤੇ ਗੁਰਪ੍ਰੀਤ ਸਿੰਘ ਸ਼ਾਮਲ ਸਨ। ਇਸ ਮਹਾਕੁੰਭ ਵਿੱਚ ਪੰਜਾਬ ਦੇ ਖੇਡ ਮੰਤਰੀ ਮੀਤ ਹੇਅਰ, ਲਾਲਚੰਦ ਕਟਾਰੂਚੱਕ, ਡਾ. ਇੰਦਰਬੀਰ ਸਿੰਘ ਨਿੱਝਰ ਸਮੇਤ ਕਈ ਹੋਰ ਮੰਤਰੀ ਹਾਜ਼ਰ ਸਨ। ਸਮਾਗਮ ਦੌਰਾਨ ਨਿਹੰਗ ਸਿੰਘਾਂ ਨੇ ਗੱਤਕੇ ਦੇ ਜੌਹਰ ਦਿਖਾਏ ਅਤੇ ਕਲਾਕਾਰਾਂ ਨੇ ਰੰਗਾਰੰਗ ਪੇਸ਼ਕਾਰੀਆਂ ਦਿੱਤੀਆਂ। -PTC News