ਪੰਜਾਬ 'ਚ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਮਾਨ ਸਰਕਾਰ ਦਾ ਵੱਡਾ ਐਕਸ਼ਨ
ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਗੈਰ ਕਾਨੂੰਨੀ ਮਾਇਨਿੰਗ ਨੂੰ ਲੈ ਕੇ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਵਿਚਾਲੇ ਅੱਜ ਭ੍ਰਿਸ਼ਟਾਚਾਰ ਖਿਲਾਫ ਟੋਲ ਫਰੀ ਨੰਬਰ ਜਾਰੀ ਕਰਨ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਨਜ਼ਾਇਜ ਮਾਈਨਿੰਗ ਵਿਰੁੱਧ ਵੀ ਐਕਸ਼ਨ ਵਿੱਚ ਆਈ ਹੈ। ਪੰਜਾਬ ਵਿੱਚ ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਕਾਰਵਾਈ ਕਰਨ ਲਈ ਸਰਕਾਰ ਨੇ ਇੱਕ ਟੋਲ ਫਰੀ ਨੰਬਰ ਜਾਰੀ ਕੀਤਾ ਹੈ। ਲੋਕ 18001802422 'ਤੇ ਨਾਜਾਇਜ਼ ਮਾਈਨਿੰਗ ਦੀ ਸ਼ਿਕਾਇਤ ਕਰ ਸਕਦੇ ਹਨ। ਇਸ ਤੋਂ ਇਲਾਵਾ ਨਜਾਇਜ਼ ਵਸੂਲੀ, ਮਹਿੰਗੇ ਭਾਅ ਰੇਤਾ ਵੇਚਣ ਤੋਂ ਲੈ ਕੇ ਹੋਰ ਕਿਸੇ ਵੀ ਮਾਮਲੇ 'ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਮਾਨ ਸਰਕਾਰ ਨੇ ਦਾਅਵਾ ਕੀਤਾ ਕਿ ਇਸ ਸਬੰਧੀ ਆਉਣ ਵਾਲੀ ਸ਼ਿਕਾਇਤ 'ਤੇ ਤੁਰੰਤ ਅਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਵੀ ਪੜ੍ਹੋ: ਅਮਰਿੰਦਰ ਗਿੱਲ ਦੇ ਫੈਨਸ ਲਈ ਖੁਸ਼ਖ਼ਬਰੀ- ਫ਼ਿਲਮ Challa Mudke Ni Aaya ਦੀ ਤਾਰੀਕ ਹੋਈ ਰਿਲੀਜ਼ ਪੰਜਾਬ ਦੀ ਨਵੀਂ 'ਆਪ' ਸਰਕਾਰ ਨੇ ਅਜੇ ਤੱਕ ਰੇਤ ਦੀ ਖੁਦਾਈ ਸਬੰਧੀ ਕੋਈ ਨੀਤੀ ਨਹੀਂ ਬਣਾਈ ਹੈ। ਮਾਈਨਿੰਗ ਮੰਤਰੀ ਹਰਜੋਤ ਬੈਂਸ ਨੇ ਕਿਹਾ ਕਿ ਨੀਤੀ 6 ਮਹੀਨਿਆਂ ਦੇ ਅੰਦਰ ਅੰਦਰ ਲਿਆਂਦੀ ਜਾਵੇਗੀ ਜਿਸ ਕਾਰਨ ਹੁਣ ਤੱਕ ਸਰਕਾਰ ਨੇ ਰੇਤੇ ਦੇ ਰੇਟ ਤੈਅ ਨਹੀਂ ਕੀਤੇ ਹਨ। ਇਸ ਕਾਰਨ ਰੇਤੇ ਦੇ ਰੇਟ ਕਾਫੀ ਵਧ ਗਏ ਹਨ। ਮੰਤਰੀ ਹਰਜੋਤ ਬੈਂਸ ਨੇ ਨਜਾਇਜ਼ ਮਾਈਨਿੰਗ ਸਬੰਧੀ ਰੋਪੜ ਵਿੱਚ ਮੀਟਿੰਗ ਕੀਤੀ ਜਿਸ ਤੋਂ ਬਾਅਦ ਮੋਹਾਲੀ-ਰੋਪੜ ਦੇ ਮਾਈਨਿੰਗ ਅਫਸਰ ਵਿਪਨ ਨੂੰ ਮੁਅੱਤਲ ਕਰ ਦਿੱਤਾ ਗਿਆ। ਮੰਤਰੀ ਦੇ ਹੁਕਮਾਂ 'ਤੇ ਰੋਪੜ ਦੇ ਖੇੜਾ ਕਲਮੋਟ 'ਚ ਵੀ ਕਰੱਸ਼ਰ ਸੀਲ ਕੀਤੇ ਗਏ। ਕਰੱਸ਼ਰਾਂ ਨੂੰ ਸਰਕਾਰ ਕੋਲ ਫੀਸ ਜਮ੍ਹਾਂ ਨਾ ਕਰਵਾਉਣ ਕਾਰਨ ਸੀਲ ਕਰ ਦਿੱਤਾ ਗਿਆ ਹੈ। ਹਰਜੋਤ ਬੈਂਸ ਨੇ ਕਿਹਾ ਕਿ ਉਹ ਵਿਭਾਗ ਵਿੱਚ ਕਿਸੇ ਵੀ ਤਰ੍ਹਾਂ ਦੀ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕਰਨਗੇ ਅਤੇ ਰੇਤਾ ਅਤੇ ਬਜਰੀ ਨੂੰ ਰਿਆਇਤੀ ਦਰਾਂ 'ਤੇ ਉਪਲਬਧ ਕਰਵਾਉਣ ਲਈ ਕੰਮ ਕਰ ਰਹੇ ਹਨ। ਚੋਣਾਂ ਦੌਰਾਨ ਵੀ ਆਮ ਆਦਮੀ ਪਾਰਟੀ ਨੇ ਪੰਜਾਬ ਵਿੱਚੋਂ ਮਾਫੀਆ ਖਤਮ ਕਰਨ ਦਾ ਵੱਡਾ ਦਾਅਵਾ ਕੀਤਾ ਸੀ ਹਾਲਾਂਕਿ ਅਜੇ ਤੱਕ ਸਰਕਾਰੀ ਪੱਧਰ 'ਤੇ ਮਾਈਨਿੰਗ ਸਬੰਧੀ ਕੋਈ ਵੱਡਾ ਫੈਸਲਾ ਨਹੀਂ ਲਿਆ ਗਿਆ ਹੈ। -PTC News