ਭਗਵੰਤ ਮਾਨ ਦੀ ਵਿਧਾਇਕਾਂ ਨੂੰ ਨਸੀਹਤ ਸਰਗਰਮ ਰਹੋ ਪਰ 'ਭੜਕਾਊ' ਸੁਭਾ ਤੋਂ ਬਚੋ - ਸੂਤਰ
ਚੰਡੀਗੜ੍ਹ, 4 ਅਗਸਤ: ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਪਾਰਟੀ ਦੇ ਵਿਧਾਇਕਾਂ ਨੂੰ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਵਿਚਕਾਰ ਸੰਤੁਲਨ ਨੂੰ ਵਿਗਾੜਨ ਤੋਂ ਬਿਨਾਂ ਵਿਕਾਸ ਕਾਰਜਾਂ ਅਤੇ ਜਨਤਕ ਮਹੱਤਵ ਦੇ ਮੁੱਦਿਆਂ 'ਤੇ ਸਰਗਰਮੀ ਨਾਲ ਧਿਆਨ ਦੇਣ ਲਈ ਕਿਹਾ ਹੈ। ਸੂਤਰਾਂ ਮੁਤਾਬਕ ਵਿਧਾਇਕਾਂ ਨੂੰ ਸਪੱਸ਼ਟ ਤੌਰ 'ਤੇ ਸਰਕਾਰੀ ਦਫਤਰਾਂ ਅਤੇ ਸੰਸਥਾਵਾਂ 'ਤੇ "ਭੜਕਾਊ ਛਾਪੇਮਾਰੀ" ਤੋਂ ਬਚਣ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਕਿਹਾ ਗਿਆ ਕਿ ਇੰਝ ਜਨਤਕ ਭਲਾਈ ਦੀ ਸੇਵਾ ਤਾਂ ਨਹੀ ਹੁੰਦੀ ਪਰ ਅਕਸਰ ਇਹ ਸਰਕਾਰਾਂ ਲਈ ਨਮੋਸ਼ੀ ਦਾ ਕਾਰਨ ਬਣਦੀਆਂ। 'ਆਪ' ਵਿਧਾਇਕਾਂ ਨੂੰ ਮੁੱਖ ਮੰਤਰੀ ਦੀ ਇਹ ਸਲਾਹ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਡਾ. ਰਾਜ ਬਹਾਦਰ ਦਾ ਅਪਮਾਨ ਕੀਤੇ ਜਾਣ ਤੋਂ ਕੁਝ ਦਿਨ ਬਾਅਦ ਆਈ ਹੈ। ਜਿਨ੍ਹਾਂ ਨੇ ਬਾਅਦ ਵਿੱਚ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਸੂਤਰਾਂ ਮੁਤਾਬਕ ਪਾਰਟੀ ਦੇ ਵਿਧਾਇਕਾਂ ਨੂੰ “ਨਿਮਰਤਾ ਦੀ ਸਲਾਹ” ਹਰ ਮੀਟਿੰਗ ਵਿੱਚ ਦਿੱਤੀ ਜਾ ਰਹੀ ਹੈ। ਮਾਨ ਨੇ ਵਿਧਾਇਕਾਂ ਨੂੰ ਬਿਨਾਂ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਕਾਰਜਪਾਲਿਕਾ ਅਤੇ ਵਿਧਾਨ ਪਾਲਿਕਾ ਦੋਵੇਂ ਲੋਕਤੰਤਰ ਦੇ ਮਹੱਤਵਪੂਰਨ ਥੰਮ੍ਹ ਹਨ ਅਤੇ ਰਾਜ ਦੀ ਤਰੱਕੀ ਅਤੇ ਇਸ ਦੇ ਲੋਕਾਂ ਦੀ ਖੁਸ਼ਹਾਲੀ ਲਈ ਦੋਵਾਂ ਵਿਚਕਾਰ ਸੰਪੂਰਨ ਸੰਤੁਲਨ ਦੀ ਲੋੜ ਹੈ। ਮਾਨ ਨੇ ਪਾਰਟੀ ਵਿਧਾਇਕਾਂ ਨੂੰ ਆਪਣੇ ਵਿਧਾਨ ਸਭਾ ਹਲਕਿਆਂ ਦੇ ਤਿੰਨ ਵਿਕਾਸ ਕਾਰਜਾਂ ਜਾਂ ਸਮੱਸਿਆਵਾਂ ਦੀ ਸੂਚੀ ਬਣਾਉਣ ਲਈ ਵੀ ਕਿਹਾ ਹੈ, ਜਿਨ੍ਹਾਂ 'ਤੇ ਉਹ ਚਾਹੁੰਦੇ ਹਨ ਕਿ ਸਰਕਾਰ ਪਹਿਲ ਦੇ ਆਧਾਰ 'ਤੇ ਕੰਮ ਕਰੇ। ਉਨ੍ਹਾਂ ਕਿਹਾ ਕਿ ਉਹ ਆਪਣੇ ਖੇਤਰਾਂ ਲਈ ਤਰਜੀਹਾਂ ਨਿਰਧਾਰਤ ਕਰਨ ਅਤੇ ਬੁਨਿਆਦੀ ਢਾਂਚੇ ਤੋਂ ਇਲਾਵਾ ਵਿਕਾਸ ਕਾਰਜਾਂ ਜਾਂ ਸਮੱਸਿਆਵਾਂ ਦੀ ਸੂਚੀ ਬਣਾਉਣ। ਮੁੱਖ ਮੰਤਰੀ ਨੇ ਆਪੋ-ਆਪਣੇ ਹਲਕਿਆਂ ਦੀਆਂ ਸਮੱਸਿਆਵਾਂ ਬਾਰੇ ਵਿਧਾਇਕਾਂ ਦੀ ਫੀਡਬੈਕ ਲਈ ਅਤੇ ਉਨ੍ਹਾਂ ਨੂੰ ਇੱਕ ਵਟਸਐਪ ਨੰਬਰ ਦਿੱਤਾ ਜਿਸ 'ਤੇ ਉਹ ਆਪਣੇ ਖੇਤਰਾਂ ਦੇ ਬਕਾਇਆ ਵਿਕਾਸ ਕਾਰਜਾਂ ਜਾਂ ਸਮੱਸਿਆਵਾਂ ਦਾ ਵੇਰਵਾ ਉਨ੍ਹਾਂ ਨਾਲ ਸਾਂਝਾ ਕਰ ਸਕਦੇ ਹਨ। ਹਾਸਿਲ ਜਾਣਕਾਰੀ ਮੁਤਾਬਕ ਵੱਖ ਵੱਖ ਮੀਟਿੰਗ ਦੌਰਾਨ ਜਿਥੇ ਮਾਨ ਨੇ ਆਪ ਵਿਧਾਇਕਾਂ ਤੋਂ ਚੰਗੇ ਪ੍ਰਸ਼ਾਸਨ ਨੂੰ ਯਕੀਨੀ ਬਣਾਉਣ ਲਈ ਸੁਝਾਅ ਮੰਗੇ ਉਥੇ ਹੀ ਮਿਲੇ ਸੁਝਾਵਾਂ ਨੂੰ ਵੀ ਨੋਟ ਕੀਤਾ। -PTC News