ਬਹਿਬਲ ਕਲਾਂ : ਬਹਿਬਲ ਕਲਾਂ ਇਨਸਾਫ ਮੋਰਚੇ ਨੇ ਸਰਕਾਰ ਨੂੰ 6 ਮਹੀਨੇ ਦਾ ਸਮਾਂ ਦੇਣ ਦੀ ਮੰਗ ਨੂੰ ਨਕਾਰਦੇ ਹੋਏ ਸਿਰਫ 15 ਦਿਨ ਦਾ ਸਮਾਂ ਦਿੱਤਾ। ਸਿੱਖ ਸੰਗਤਾਂ ਨੂੰ 15 ਅਗਸਤ ਵਾਲੇ ਦਿਨ ਆਪਣੇ ਘਰਾਂ ਉੱਤੇ ਕੇਸਰੀ ਨਿਸ਼ਾਨ ਲਹਰਾਉਂਣ ਦੀ ਅਪੀਲ ਕੀਤੀ ਹੈ। ਭਲਕੇ ਤੋਂ ਸ੍ਰੀ ਸਹਿਜ ਪਾਠ ਦਾ ਪ੍ਰਕਾਸ਼ ਹੋਵੇਗਾ ਅਤੇ 16 ਅਗਸਤ ਨੂੰ ਭੋਗ ਪਾਏ ਜਾਣਗੇ।
ਬੇਅਦਬੀ ਅਤੇ ਗੋਲੀਕਾਂਡ ਮਾਮਲਿਆਂ ਦੇ ਇਨਸਾਫ ਲਈ ਬਹਿਬਲ ਕਲਾਂ ਵਿਖੇ ਬੀਤੇ ਕਰੀਬ 7 ਮਹੀਨਿਆਂ ਤੋਂ ਚੱਲ ਰਹੇ ਇਨਸਾਫ ਮੋਰਚੇ ਦੇ ਸੱਦੇ ਉੱਤੇ ਅੱਜ ਬਹਿਬਲਕਲਾਂ ਵਿਖੇ ਸਿੱਖ ਸੰਗਤਾਂ ਦਾ ਭਾਰੀ ਇਕੱਠ ਹੋਇਆ ਜਿਸ ਵਿਚ ਵੱਡੀ ਗਿਣਤੀ ਸਿੱਖ ਸੰਗਤਾਂ ਨੇ ਹਿੱਸਾ ਲਿਆ। ਇਸ ਮੌਕੇ ਜਿਥੇ ਸਿੱਖ ਸੰਗਤਾਂ ਨੇ ਬੇਅਦਬੀ ਮਾਮਲਿਆਂ ਦੇ ਇਨਸਾਫ ਲਈ ਚੱਲ ਰਹੇ ਮੋਰਚੇ ਨੂੰ ਸਫਲ ਬਣਾਉਣ ਅਤੇ ਸਰਕਾਰ ਨੂੰ ਮਾਮਲਿਆਂ ਦੀ ਜਾਂਚ ਲਈ ਸਮਾਂ ਦੇਣ ਜਾਂ ਨਾ ਦੇਣ ਬਾਰੇ ਵਿਚਾਰ ਚਰਚਾ ਹੋਈ। ਉਥੇ ਹੀ ਪੰਜਾਬ ਸਰਕਾਰ ਦੇ ਨੁਮਾਇੰਦੇ ਵਜੋਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਸ਼ਾਮਿਲ ਹੋਏ। ਇਸ ਮੌਕੇ ਕੁਲਤਾਰ ਸਿੰਘ ਸੰਧਵਾਂ ਨੇ ਹੱਥ ਜੋੜ ਕੇ ਸਿੱਖ ਸੰਗਤਾਂ ਤੋਂ ਜਾਂਚ ਲਈ ਹੋਰ ਸਮਾਂ ਮੰਗਿਆ।
ਇਸ ਮੌਕੇ ਸਿੱਖ ਸੰਗਤਾਂ ਨੇ ਪੰਜਾਬ ਸਰਕਾਰ ਵਲੋਂ ਬੀਤੇ ਦਿਨੀ ਬੇਅਦਬੀ ਮਾਮਲਿਆਂ ਦੇ ਹੱਲ ਲਈ ਕਰੀਬ 6 ਮਹੀਨੇ ਦਾ ਸਮਾਂ ਮੰਗਿਆ ਸੀ ਪਰ ਸੰਗਤਾਂ ਨੇ ਸਰਕਾਰ ਦੇ ਇਸ ਪ੍ਰਸਤਾਵ ਨੂੰ ਨਕਾਰ ਕੇ ਸਰਕਾਰ ਨੂੰ 15 ਦਿਨ ਦਾ ਅਲਟੀਮੇਟਮ ਦਿਤਾ ਹੈ ਕਿ ਸਰਕਾਰ ਇਹਨਾਂ 15 ਦਿਨਾਂ ਅੰਦਰ ਇਹਨਾਂ ਮਾਮਲਿਆਂ ਦਾ ਹੱਲ ਕਰੇ । 15 ਦਿਨਾਂ ਬਾਅਦ ਮੁੜ ਸੰਗਤਾਂ ਦਾ ਇਕੱਠ ਰੱਖਿਆ ਗਿਆ। ਕੱਲ੍ਹ 1 ਅਗਸਤ ਤੋਂ ਬਹਿਬਲਕਲਾਂ ਇਨਸਾਫ ਮੋਰਚੇ ਤੇ ਸ੍ਰੀ ਸਹਿਜ ਪਾਠ ਪ੍ਰਕਾਸ਼ ਕੀਤੇ ਜਾਣਗੇ, ਜਿਸ ਦਾ ਭੋਗ 16 ਅਗਸਤ ਨੂੰ ਪਾਇਆ ਜਾਵੇਗਾ ਅਤੇ ਊਸ ਦਿਨ ਸੰਗਤਾਂ ਦਾ ਇਕੱਠ ਵੀ ਹੋਵੇਗਾ ਜੋ ਸੰਘਰਸ਼ ਦੀ ਅਗਲੀ ਰੂਪ ਰੇਖਾ ਉਲੀਕੇਗਾ।
ਮੋਰਚੇ 'ਚ ਪੁੱਜੇ ਸਪੀਕਰ ਸੰਧਵਾਂ ਨੇ ਕਿਹਾ ਕਿ ਮੈਂ ਤੁਹਾਡਾ ਆਪਣਾ ਕੁਲਤਾਰ ਹਾਂ ਅਤੇ ਜਿਸ ਤਰ੍ਹਾਂ ਦਾ ਤੁਸੀ ਇਨਸਾਫ਼ ਚਾਹੁੰਦੇ ਹੋ, ਉਸ ਤਰ੍ਹਾਂ ਦਾ ਹੀ ਮਿਲੇਗਾ। ਉਨ੍ਹਾਂ ਕਿਹਾ ਕਿ ਸਾਡਾ ਇਤਿਹਾਸ ਦੱਸਦਾ ਹੈ ਕਿ ਅਸੀਂ ਹੁਣ ਤੱਕ ਹਮੇਸ਼ਾ ਹਰ ਇੱਕ ਨਾਲ ਇਨਸਾਫ਼ ਕੀਤਾ ਹੈ ਅਤੇ ਇਨਸਾਫ਼ ਹੋਵੇਗਾ।
-PTC News