ਕੈਬਨਿਟ ਮੰਤਰੀ ਜਿੰਪਾ ਦੇ ਪੁੱਜਣ ਤੋਂ ਪਹਿਲਾਂ ਕੌਂਸਲਰ ਨੇ ਕੀਤਾ ਸੀਵਰੇਜ ਦੇ ਕੰਮ ਦਾ ਉਦਘਾਟਨ
ਹੁਸ਼ਿਆਰਪੁਰ : ਕੈਬਨਿਟ ਮੰਤਰੀ ਬ੍ਰਮ ਸ਼ੰਕਰ ਜਿੰਪਾ ਹੁਸਿ਼ਆਰਪੁਰ ਦੇ ਵਾਰਡ ਨੰਬਰ 36 ਅਧੀਨ ਆਉਂਦੇ ਬਹਾਦਰਪੁਰ ਦੇ ਮੁਹੱਲਾ ਵਾਲਮੀਕਿ ਵਿਚ ਕਰੀਬ 20 ਲੱਖ ਦੀ ਲਾਗਤ ਨਾਲ ਸੀਵਰੇਜ ਦੇ ਕੰਮ ਦਾ ਉਦਘਾਟਨ ਕਰਨ ਲਈ ਪੁੱਜ ਰਹੇ ਸਨ, ਜਿਵੇਂ ਹੀ ਇਸਦੀ ਭਿਣਕ ਮੁਹੱਲੇ ਦੇ ਕੌਂਸਲਰ ਤੇ ਮੁਹੱਲਾ ਵਾਸੀਆਂ ਨੂੰ ਪਈ ਤਾਂ ਉਨ੍ਹਾਂ ਵੱਲੋਂ ਖ਼ੁਦ ਹੀ ਸੀਵਰੇਜ ਦੇ ਕੰਮ ਦਾ ਉਦਘਾਟਨ ਕਰਦਿਆਂ ਹੋਇਆ ਮੰਤਰੀ ਬ੍ਰਮ ਸ਼ੰਕਰ ਜਿੰਪਾ ਦੇ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਸਵੇਰ ਸਾਰ ਹੀ ਬਹਾਦਰਪੁਰ ਦਾ ਵਾਲਮੀਕਿ ਮੁਹੱਲਾ ਮੰਤਰੀ ਜਿੰਪਾ ਮੁਰਦਾਬਾਦ ਦੇ ਨਾਅਰਿਆਂ ਨਾਲ ਗੂੰਜ ਉਠਿਆ। ਗੱਲਬਾਤ ਦੌਰਾਨ ਵਾਰਡ ਦੇ ਕੌਂਸਲਰ ਸੁਰਿੰਦਰ ਪਾਲ ਭੱਟੀ ਨੇ ਕਿਹਾ ਕਿ ਉਨ੍ਹਾਂ ਵੱਲੋਂ ਨਿਗਮ ਵਿਚ ਸੀਵਰੇਜ ਦੇ ਕੰਮ ਲਈ ਬਜਟ ਪਾਸ ਕਰਵਾਇਆ ਗਿਆ ਸੀ ਤੇ ਇਸ ਵਿਚ ਮੰਤਰੀ ਜਿੰਪਾ ਦਾ ਕੁਝ ਵੀ ਲੈਣਾ ਦੇਣਾ ਨਹੀਂ ਹੈ ਤੇ ਅੱਜ ਉਨ੍ਹਾਂ ਨੂੰ ਸੀਵਰੇਜ ਬੋਰਡ ਦੇ ਅਧਿਕਾਰੀ ਵੱਲੋਂ ਸੂਚਨਾ ਦਿੱਤੀ ਗਈ ਕਿ ਮੁਹੱਲੇ ਵਿਚ ਮੰਤਰੀ ਸਾਬ੍ਹ ਉਦਘਾਟਨ ਕਰਨ ਆ ਰਹੇ ਹਨ। ਇਸ ਕਾਰਨ ਮੁਹੱਲਾ ਵਾਸੀਆਂ 'ਚ ਵੀ ਰੋਸ ਪਾਇਆ ਜਾ ਰਿਹਾ ਹੈ ਕਿ ਮੰਤਰੀ ਦਾ ਇਸ ਵਿਚ ਕੋਈ ਵੀ ਯੋਗਦਾਨ ਨਹੀਂ ਹੈ ਤਾਂ ਫਿਰ ਉਦਘਾਟਨ ਉਹ ਕਿਉਂ ਕਰਨਗੇ। ਜਇਸ ਕਾਰਨ ਮੁਹੱਲਾ ਵਾਸੀਆਂ ਵੱਲੋਂ ਕੌਂਸਲਰ ਨੂੰ ਨਾਲ ਲੈ ਕੇ ਮੰਤਰੀ ਦੇ ਆਉਣ ਤੋਂ ਪਹਿਲਾਂ ਹੀ ਰੀਬਨ ਕੱਟ ਕੇ ਉਦਘਾਟਨ ਕਰ ਦਿੱਤਾ ਗਿਆ ਹੈ। -PTC News ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ਵੱਲੋਂ ਸਿੱਖ ਬੰਦੀਆਂ ਦੀ ਰਿਹਾਈ ਲਈ ਕਾਨੂੰਨੀ ਲੜਾਈ ਤੇਜ਼ ਕਰਨ ਦਾ ਫ਼ੈਸਲਾ