ਕੇਸਾਧਾਰੀ ਹੋ, ਨਸ਼ਿਆਂ ਤੋਂ ਦੂਰੀ ਬਣਾ, ਗੌਰਵਮਈ ਇਤਿਹਾਸ ਤੋਂ ਸੇਧ ਲੈ ਬਾਣੀ ਨਾਲ ਜੁੜੋ: ਗਿਆਨੀ ਹਰਪ੍ਰੀਤ ਸਿੰਘ
ਤਲਵੰਡੀ ਸਾਬੋ 22 ਅਗਸਤ: ਸਿੱਖ ਕੌਮ ਦੇ ਚੌਥੇ ਤਖ਼ਤ, ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ 28 ਤੋਂ 30 ਅਗਸਤ ਤੱਕ ਮਨ੍ਹਾਏ ਜਾ ਰਹੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 316ਵੇਂ ਸੰਪੂਰਨਤਾ ਦਿਵਸ ਸਮਾਗਮਾਂ ਨੂੰ ਸਮਰਪਿਤ ਕਰਕੇ ਸ਼ੁਰੂ ਕੀਤੇ ਪ੍ਰੋਗਰਾਮਾਂ ਦੀ ਲੜੀ ਵਿੱਚ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸਿੱਖ ਨੌਜਵਾਨਾਂ ਨੂੰ ਇਲਾਹੀ ਗੁਰਬਾਣੀ, ਲਾਸਾਨੀ ਇਤਿਹਾਸ ਅਤੇ ਸ਼ਾਨਾਮੱਤੇ ਵਿਰਸੇ ਦੇ ਰੂ-ਬ-ਰੂ ਕਰਵਾਉਣ ਲਈ ‘ਸਿੱਖ ਯੂਥ ਵਰਕਸ਼ਾਪ’ ਕਰਵਾਈ ਗਈ। ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਵਿਖੇ ਕਰਵਾਈ ਉਕਤ ਵਰਕਸ਼ਾਪ ਵਿੱਚ ਸਿੱਖ ਨੌਜਵਾਨ ਲੜਕੇ ਲੜਕੀਆਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਵਰਕਸ਼ਾਪ ਵਿੱਚ ਵਿਸ਼ੇਸ ਤੌਰ ਤੇ ਪੁੱਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਤੇ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਨੌਜਵਾਨ ਬੱਚੇ ਬੱਚੀਆਂ ਨੂੰ ਸੰਬੋਧਨ ਦੌਰਾਨ ਉਨਾਂ ਨੂੰ ਸਿੱਖ ਇਤਿਹਾਸ ਦੇ ਕੁਝ ਮਿਸਾਲੀ ਕਾਰਨਾਮਿਆਂ ਤੋਂ ਜਾਣੂੰ ਕਰਵਾਇਆ। ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਕੇਸਾਧਾਰੀ ਬਣਦਿਆਂ ਨਸ਼ਿਆਂ ਤੋਂ ਦੂਰੀ ਬਣਾ ਕੇ ਰੱਖਦਿਆਂ ਆਪਣੇ ਗੌਰਵਮਈ ਇਤਿਹਾਸ ਤੋਂ ਸੇਧ ਲੈ ਕੇ ਬਾਣੀ ਨਾਲ ਜੁੜਨ। ਸਿੰਘ ਸਾਹਿਬ ਨੇ ਕਿਹਾ ਕਿ ਵਿਰੋਧੀਆਂ ਅਤੇ ਸ਼ੋਸਲ ਮੀਡੀਆ ਦੇ ਇੱਕ ਹਿੱਸੇ ਵੱਲੋਂ ਵਾਰ ਵਾਰ ਸਿੱਖ ਖਤਮ ਹੋ ਰਹੇ ਹਨ ਵਰਗੇ ਪਾਏ ਜਾ ਰਹੇ ਰੌਲੇ ਤੋਂ ਸਾਨੂੰ ਬਿਲਕੁਲ ਵੀ ਘਬਰਾਉਣ ਦੀ ਲੋੜ ਨਹੀ ਕਿਉਂਕਿ ਭਾਂਵੇ ਮੁਗਲ ਰਹੇ, ਅੰਗਰੇਜ਼ ਅਤੇ ਭਾਂਵੇ ਕੋਈ ਹੋਰ ਸ਼ਾਸਕ, ਸਿੱਖ ਉਦੋਂ ਖਤਮ ਨਹੀ ਹੋਏ ਫਿਰ ਹੁਣ ਤਾਂ ਸਿੱਖ ਹਰ ਖੇਤਰ ਵਿੱਚ ਮੱਲਾਂ ਮਾਰ ਰਹੇ ਹਨ, ਹੁਣ ਕਿਵੇਂ ਖਤਮ ਹੋ ਜਾਣਗੇ।ਇਸ ਮੌਕੇ ਕੈਨੇਡਾ ਸਰਕਾਰ ਤੋਂ ਦੋ ਕਰੋੜ ਦੀ ਸਕਾਲਰਸ਼ਿਪ ਹਾਸਿਲ ਕਰਨ ਵਾਲੇ ਦੁਨੀਆਂ ਦੇ ਕੁੱਲ 37 ਬੱਚਿਆਂ ਵਿੱਚੋਂ ਇੱਕ ਕਰਨਾਲ ਦੇ ਅੰਮ੍ਰਿਤਧਾਰੀ ਗੁਰਸਿੱਖ ਨੌਜਵਾਨ ਪਰਮਵੀਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ ਤਾਂ ਕਿਸਾਨੀ ਸੰਘਰਸ਼ ਦੌਰਾਨ ਇਕੱਲਿਆਂ ਰੇਲ ਇੰਜਨ ਨੂੰ ਰੁਕਣ ਲਈ ਮਜ਼ਬੂਰ ਕਰਨ ਵਾਲੇ ਅੰਮ੍ਰਿਤਪਾਲ ਸਿੰਘ ਨਾਮੀ ਨੌਜਵਾਨ ਦੀ ਪ੍ਰਸ਼ੰਸਾ ਕੀਤੀ ਗਈ। ਸਮਾਗਮ ਦੇ ਅੰਤ ਵਿੱਚ ਸਿੰਘ ਸਾਹਿਬ ਨੇ ਕਈ ਸ਼ਖਸ਼ੀਅਤਾਂ ਨੂੰ ਸਨਮਾਨਿਤ ਵੀ ਕੀਤਾ। ਵਰਕਸ਼ਾਪ ਵਿੱਚ ਉੱਘੇ ਸਿੱਖ ਵਿਦਵਾਨ ਭਾਈ ਹਰਿੰਦਰ ਸਿੰਘ ਖਾਲਸਾ, ਭਾਈ ਮੋਹਣ ਸਿੰਘ ਬੰਗੀ, ਭਾਈ ਜਗਸੀਰ ਸਿੰਘ ਮਾਂਗੇਆਣਾ, ਬੀਬੀ ਜੋਗਿੰਦਰ ਕੌਰ, ਨਿੱਜੀ ਸਹਾਇਕ ਸਿੰਘ ਸਾਹਿਬ ਭਾਈ ਜਸਵਿੰਦਰ ਸਿੰਘ, ਸਿੱਖ ਚਿੰਤਕ ਭਾਈ ਪਰਮਪਾਲ ਸਿੰਘ, ਨੌਜਵਾਨ ਆਗੂ ਕਰਮ ਲਹਿਲ, ਭਾਈ ਸਤਿੰਦਰ ਸਿੰਘ ਲੁਧਿਆਣਾ, ਕਵੀਸ਼ਰ ਭਗਵੰਤ ਸਿੰਘ ਸੂਰਵਿੰਡ, ਗੁਰਿੰਦਰਪਾਲ ਸਿੰਘ ਬੈਂਕਾ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਮੈਨੇਜਰ ਭਾਈ ਰਣਜੀਤ ਸਿੰਘ, ਹੈੱਡ ਗ੍ਰੰਥੀ ਭਾਈ ਜਗਤਾਰ ਸਿੰਘ, ਬਾਬਾ ਪ੍ਰੀਤਮ ਸਿੰਘ ਮੱਲੜੀ ਵਾਲੇ, ਭਾਈ ਸੁਮੇਰ ਸਿੰਘ ਮੈਨੇਜਰ ਗੁ: ਹਾਜੀ ਰਤਨ ਬਠਿੰਡਾ, ਗੁਰਮਤਿ ਕਾਲਜ ਦੇ ਪ੍ਰਿੰਸੀਪਲ ਭਾਈ ਰਵਿੰਦਰ ਸਿੰਘ, ਮਾਤਾ ਸਾਹਿਬ ਕੌਰ ਕਾਲਜ ਦੇ ਡਾਂ ਕਮਲਪ੍ਰੀਤ ਕੋਰ ਅਤੇ ਮੈਡਮ ਸਤਿੰਦਰ ਕੌਰ ਮਾਨ ਆਦਿ ਮੌਜੂਦ ਸਨ। -PTC News