ਲੁਧਿਆਣਾ ਤੋਂ ਬਾਅਦ ਬਠਿੰਡਾ ਟਰੱਕ ਯੂਨੀਅਨ ਨੇ ਢੋਆ ਢੁਆਈ ਦੇ ਟੈਂਡਰਾਂ ਦੀ ਵਿਜੀਲੈਂਸ ਜਾਂਚ ਦੀ ਕੀਤੀ ਮੰਗ
ਬਠਿੰਡਾ: ਵਿਜੀਲੈਂਸ ਵਿਭਾਗ ਲੁਧਿਆਣਾ ਵੱਲੋਂ ਪਿਛਲੇ ਦਿਨੀਂ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਢੋਆ ਢੁਆਈ ਟੈਂਡਰ ਮਾਮਲੇ ਵਿੱਚ ਘਪਲੇ ਕਾਰਨ ਗ੍ਰਿਫ਼ਤਾਰ ਕੀਤੇ ਜਾਣ ਤੋਂ ਬਾਅਦ ਹੁਣ ਬਠਿੰਡਾ ਦੀ ਟਰੱਕ ਯੂਨੀਅਨ ਵਿਚ ਵੀ ਪਿਛਲੇ ਪੰਜ ਸਾਲਾਂ ਵਿੱਚ ਹੋਏ ਢੋਆ ਢੁਆਈ ਦੇ ਟੈਂਡਰਾਂ ਨੂੰ ਲੈ ਕੇ ਵਿਜੀਲੈਂਸ ਜਾਂਚ ਦੀ ਮੰਗ ਉੱਠਣ ਲੱਗੀ ਹੈ। ਟਰੱਕ ਯੂਨੀਅਨ ਦੇ ਮੌਜੂਦਾ ਪ੍ਰਧਾਨ ਜੱਗਾ ਸਿੰਘ ਨੇ ਪਿਛਲੇ ਪੰਜ ਸਾਲਾਂ ਵਿੱਚ ਢੋਆ ਢੁਆਈ ਦੇ ਟੈਂਡਰ ਸਿਰਫ਼ ਦੋ ਫਰਮਾਂ ਨੂੰ ਹੀ ਦਿੱਤੇ ਜਾਣ ਦੇ ਮਾਮਲੇ ਵਿਚ ਕਰੋੜਾਂ ਰੁਪਏ ਦੇ ਘਪਲੇ ਕਰਨ ਦੇ ਸੱਤਾਧਾਰੀ ਧਿਰ ਤੇ ਦੋਸ਼ ਲਾਏ ਹਨ ਅਤੇ ਜਾਂਚ ਦੀ ਮੰਗ ਕੀਤੀ ਗਈ ਹੈ।
ਉਨ੍ਹਾਂ ਦੋਸ਼ ਲਾਇਆ ਕਿ ਸੱਤਾਧਾਰੀ ਧਿਰ ਵੱਲੋਂ ਆਪਣੇ ਚਹੇਤਿਆਂ ਦੇ ਨਾਮ ਉੱਪਰ ਬਣਾਈਆਂ ਗਈਆਂ ਦੋ ਫਰਮਾਂ ਵੱਲੋਂ ਲਗਾਤਾਰ ਪੰਜ ਸਾਲ ਢੋਆ ਢੁਆਈ ਦਾ ਟੈਂਡਰ ਲਿਆ ਜਾਂਦਾ ਰਿਹਾ ਅਤੇ ਇਸ ਦੌਰਾਨ ਬਠਿੰਡਾ ਟਰੱਕ ਯੂਨੀਅਨ ਨੂੰ ਬਹੁਤ ਘੱਟ ਪੈਸੇ ਦਿੱਤੇ ਜਾਂਦੇ ਰਹੇ ਜਦੋਂ ਕਿ ਟੀਡੀਐਸ ਤਕ ਪੱਖ ਯੂਨੀਅਨ ਤੋਂ ਕੱਟਿਆ ਗਿਆ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਦੇ ਪਿਤਾ ਨੇ ਬਣਾਇਆ 'Twitter' ਅਕਾਊਂਟ, ਤੇਜ਼ੀ ਨਾਲ ਵੱਧ ਰਹੇ 'Followers'
ਟਰੱਕ ਯੂਨੀਅਨ ਦੇ ਸਾਬਕਾ ਪ੍ਰਧਾਨ ਸ਼ਰਨਜੀਤ ਸ਼ਰਨੀ ਦਾ ਕਹਿਣਾ ਹੈ ਕਿ ਦੋ ਹਜ਼ਾਰ ਸਤਾਰਾਂ ਤੋਂ ਲੈ ਕੇ ਦੋ ਹਜ਼ਾਰ ਬਾਈ ਤੱਕ ਕਾਂਗਰਸ ਦੀ ਸਰਕਾਰ ਸਮੇਂ ਬਠਿੰਡਾ ਟਰੱਕ ਯੂਨੀਅਨ ਨੂੰ ਕੋਈ ਵੀ ਟੈਂਡਰ ਨਹੀਂ ਲੈਣ ਦਿੱਤਾ ਗਿਆ ਅਤੇ ਦੋ ਫਰਮਾਂ ਨੂੰ ਹੀ ਢੋਆ ਢੁਆਈ ਦੇ ਟੈਂਡਰ ਦਿੱਤੇ ਗਏ ਅਤੇ ਟਰੱਕ ਯੂਨੀਅਨ ਦੇ ਮੈਂਬਰਾਂ ਤੋਂ ਧੱਕੇ ਨਾਲ ਢੋਆ ਢੁਆਈ ਕਰਵਾਈ ਗਈ ਉਨ੍ਹਾਂ ਵੱਲੋਂ ਹੁਣ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਸੱਤਾਧਾਰੀ ਧਿਰ ਵੱਲੋਂ ਆਪਣੇ ਚਹੇਤਿਆਂ ਦੇ ਨਾਮ ਉਪਰ ਟੈਂਡਰ ਪਾਏ ਗਏ ਅਤੇ ਬਹੁਤ ਘੱਟ ਰੇਟ ਉੱਪਰ ਬਠਿੰਡਾ ਟਰੱਕ ਯੂਨੀਅਨ ਦੇ ਟਰੱਕਾਂ ਤੋਂ ਢੋਆ ਢੁਆਈ ਕਰਾਈ ਗਈ ਅਤੇ ਵਿੱਚੋਂ ਮੋਟਾ ਕਮਿਸ਼ਨ ਖਾਧਾ ਗਿਆ ਉਨ੍ਹਾਂ ਇਸ ਮਾਮਲੇ ਦੀ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ।
ਦੱਸ ਦਈਏ ਕਿ ਪੰਜਾਬ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ਤੋਂ ਬਾਅਦ ਪਿਛਲੀ ਕਾਂਗਰਸ ਸਰਕਾਰ ਦੌਰਾਨ ਹੋਏ ਘੁਟਾਲਿਆਂ ਦੇ ਲਗਾਤਾਰ ਖੁਲਾਸੇ ਹੋ ਰਹੇ ਹਨ। ਹੁਣ ਤੱਕ ਕਈ ਮੰਤਰੀਆਂ ਖਿਲਾਫ ਕਾਰਵਾਈ ਚੱਲ ਰਹੀ ਹੈ। ਭ੍ਰਿਸ਼ਟਾਚਾਰ ਮਾਮਲੇ ਵਿੱਚ ਸਾਧੂ ਸਿੰਘ ਧਰਮਸੋਤ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਸੰਗਤ ਸਿੰਘ ਗਿਲਜੀਆਂ ਵੀ ਜ਼ਮਾਨਤ 'ਤੇ ਬਾਹਰ ਹਨ। ਇੱਥੋਂ ਤੱਕ ਕਿ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਂ ਵੀ ਘੁਟਾਲਿਆਂ ਨਾਲ ਜੁੜ ਰਿਹਾ ਹੈ। ਬੀਤੇ ਦਿਨ ਵਿਜੀਲੈਂਸ ਵੱਲੋਂ ਸਾਬਕਾ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਸੀ।
(ਬਠਿੰਡਾ ਤੋਂ ਮੁਨੀਸ਼ ਗਰਗ ਦੀ ਰਿਪੋਰਟ )
-PTC News