ਬਠਿੰਡਾ ਥਰਮਲ ਪਲਾਂਟ ਦੇ ਸਾਰੇ ਅਤੇ ਰੋਪੜ ਦੇ ਦੋ ਯੂਨਿਟ ਬੰਦ ਕਰਨ ਦਾ ਫੈਸਲਾ
Bathinda thermal plant:ਬਠਿੰਡਾ ਥਰਮਲ ਪਲਾਂਟ ਦੇ ਸਾਰੇ ਯੂਨਿਟ ਬੰਦ ਕਰਨ ਦਾ ਫੈਸਲਾ · ਮੰਤਰੀ ਮੰਡਲ ਵੱਲੋਂ ਪੱਕੇ ਤੇ ਠੇਕੇ ’ਤੇ ਰੱਖੇ ਮੁਲਾਜ਼ਮਾਂ ਦੀਆਂ ਸੇਵਾਵਾਂ ਜਾਰੀ ਰੱਖਣ ਦਾ ਫੈਸਲਾ ਚੰਡੀਗੜ, 20 ਦਸੰਬਰ ਪੰਜਾਬ ਮੰਤਰੀ ਮੰਡਲ ਨੇ ਅੱਜ ਬਠਿੰਡਾ ਅਤੇ ਰੋਪੜ ਵਿੱਚ ਆਪਣੀ ਮਿਆਦ ਪੁਗਾ ਚੁੱਕੇ ਬਿਜਲੀ ਯੂਨਿਟਾਂ ਨੂੰ ਇਕ ਜਨਵਰੀ, 2018 ਤੋਂ ਬੰਦ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ ਪਰ ਇਸ ਨਾਲ ਕਿਸੇ ਵੀ ਮੁਲਾਜ਼ਮ ਦੀ ਨੌਕਰੀ ਨਹੀਂ ਜਾਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿੱਚ ਮੰਤਰੀ ਮੰਡਲ ਦੀ ਮੀਟਿੰਗ ਦੌਰਾਨ ਇਹ ਫੈਸਲਾ ਲਿਆ ਗਿਆ। ਮੰਤਰੀ ਮੰਡਲ ਦਾ ਇਹ ਫੈਸਲਾ ਇਸ ਮੁੱਦੇ ’ਤੇ ਕਾਇਮ ਕੀਤੀ ਗਈ ਕੈਬਨਿਟ ਸਬ-ਕਮੇਟੀ ਦੀ ਰਿਪੋਰਟ ’ਤੇ ਅਧਾਰਿਤ ਹੈ। ਇਸ ਸਬ-ਕਮੇਟੀ ਵਿੱਚ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ, ਰਾਣਾ ਗੁਰਜੀਤ ਸਿੰਘ ਅਤੇ ਚਰਨਜੀਤ ਸਿੰਘ ਚੰਨੀ ਹਾਜ਼ਰ ਸਨ। ਇਹ ਫੈਸਲਾ 25 ਸਾਲ ਤੋਂ ਵੱਧ ਸਮਾਂ ਚੱਲ ਕੇ ਮਿਆਦ ਪੁਗਾ ਚੁੱਕੇ ਅਤੇ ਆਰਥਿਕ ਤੌਰ ’ਤੇ ਲਾਹੇਵੰਦ ਨਾ ਰਹੇ ਬਿਜਲੀ ਪਲਾਂਟਾਂ ਨੂੰ ਬੰਦ ਕਰਨ ਬਾਰੇ ਕੇਂਦਰੀ ੳੂਰਜਾ ਅਥਾਰਟੀ ਦੇ ਤੈਅ ਦਿਸ਼ਾ-ਨਿਰਦੇਸ਼ਾਂ ਮੁਤਾਬਕ ਲਿਆ ਗਿਆ ਹੈ। 460 ਮੈਗਾਵਾਟ ਦੀ ਸਮਰਥਾ ਵਾਲੇ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੇ ਸਾਰੇ ਯੂਨਿਟ ਅਤੇ 1250 ਮੈਗਾਵਾਟ ਦੀ ਸਮਰਥਾ ਵਾਲੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦੇ ਯੂਨਿਟ 1 ਤੇ 2 ਨੂੰ ਇਕ ਜਨਵਰੀ ਤੋਂ ਬੰਦ ਕਰ ਦਿੱਤਾ ਜਾਵੇਗਾ। ਇੱਥੇ ਇਹ ਦੱਸਣਯੋਗ ਹੈ ਕਿ ਬਠਿੰਡਾ ਥਰਮਲ ਪਲਾਂਟ ਦੇ ਸਾਰੇ ਯੂਨਿਟ ਪਿਛਲੇ ਲਗਪਗ ਚਾਰ ਦਹਾਕਿਆਂ ਤੋਂ ਚੱਲ ਰਹੇ ਸਨ ਜਦਕਿ ਰੋਪੜ ਥਰਮਲ ਪਲਾਂਟ ਦੇ ਯੂਨਿਟ 1 ਤੇ 2 ਨੇ 33 ਵਰੇ ਪੂਰੇ ਕਰ ਲਏ ਹਨ। Bathinda thermal plant:ਬਠਿੰਡਾ ਥਰਮਲ ਪਲਾਂਟ ਦੇ ਸਾਰੇ ਯੂਨਿਟ ਬੰਦ ਕਰਨ ਦਾ ਫੈਸਲਾ: ਕੈਬਨਿਟ ਦੇ ਫੈਸਲੇ ਮੁਤਾਬਕ ਬੰਦ ਹੋਣ ਵਾਲੇ ਥਰਮਲ ਪਲਾਂਟਾਂ ਦੇ ਸਾਰੇ ਪੱਕੇ ਮੁਲਾਜ਼ਮਾਂ ਦੀਆਂ ਸੇਵਾਵਾਂ ਪੰਜਾਬ ਰਾਜ ਬਿਜਲੀ ਨਿਗਮ ਵਿੱਚ ਲਈਆਂ ਜਾਣਗੀਆਂ। ਇਸੇ ਤਰਾਂ ਠੇਕੇ ’ਤੇ ਕੰਮ ਕਰ ਰਹੇ ਕਾਮਿਆਂ ਨੂੰ ਵੀ ਕੱਢਿਆ ਨਹੀਂ ਜਾਵੇਗਾ ਅਤੇ ਉਨਾਂ ਤੋਂ ਇਸ ਬਿਜਲੀ ਨਿਗਮ ਤੋਂ ਇਲਾਵਾ ਪੰਜਾਬ ਰਾਜ ਟਰਾਂਸਮਿਸ਼ਨ ਨਿਗਮ ਅਤੇ ਪ੍ਰਾਈਵੇਟ ਥਰਮਲ ਪਲਾਂਟਾਂ ਜੀ.ਵੀ.ਕੇ. ਟੀ.ਐਸ.ਪੀ.ਐਲ. ਅਤੇ ਐਨ.ਪੀ.ਐਲ. ਵਿੱਚ ਪਹਿਲਾਂ ਵਾਲਾ ਕੰਮ ਹੀ ਲਿਆ ਜਾਵੇਗਾ। ਮੰਤਰੀ ਮੰਡਲ ਵੱਲੋਂ ਇਹ ਵੀ ਫੈਸਲਾ ਕੀਤਾ ਗਿਆ ਕਿ ਬਿਜਲੀ ਉਤਪਾਦਨ ਦੀ ਸਮਰਥਾ ਵਧਾਉਣ ਲਈ ਪੌਣ ਊਰਜਾ, ਸੂਰਜੀ ਊਰਜਾ ਅਤੇ ਨਵਿਆਉਣਯੋਗ ਊਰਜਾ ਦੇ ਹੋਰ ਸਰੋਤਾਂ ਨੂੰ ਵਰਤੋਂ ਵਿੱਚ ਲਿਆਂਦਾ ਜਾਵੇਗਾ ਤਾਂ ਕਿ ਸੂਬੇ ਵਿੱਚ ਬਿਜਲੀ ਦੀ ਕੋਈ ਕਮੀ ਨਾ ਰਹੇ। ਮੰਤਰੀ ਮੰਡਲ ਵੱਲੋਂ ਪੰਜਾਬ ਰਾਜ ਬਿਜਲੀ ਨਿਗਮ ਨੂੰ ਭਵਿੱਖ ਵਿੱਚ ਰੋਪੜ ਵਿਖੇ ਅਤਿ-ਆਧੁਨਿਕ ਤਕਨਾਲੋਜੀ ਨਾਲ 800-800 ਦੀ ਸਮਰਥਾ ਵਾਲੇ ਪੰਜ ਯੂਨਿਟ ਸਥਾਪਿਤ ਕਰਨ ਦੀ ਸੰਭਾਵਨਾ ਤਲਾਸ਼ਣ ਲਈ ਆਖਿਆ ਤਾਂ ਕਿ ਸੂਬੇ ਵਿੱਚ ਬਿਜਲੀ ਉਤਪਾਦਨ ਨੂੰ ਹੋਰ ਹੁਲਾਰਾ ਦਿੱਤਾ ਜਾ ਸਕੇ। —PTC News