ਬੰਦੀ ਸਿੰਘਾਂ ਦੀ ਰਿਹਾਈ ਲਈ ਦਿੱਲੀ 'ਚ 15 ਗੁਰਦੁਆਰਿਆਂ ਦੇ ਬਾਹਰ ਲਗਾਏ ਬੈਨਰ
ਨਵੀਂ ਦਿੱਲੀ : ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਦੀ ਮੰਗ ਕਾਫੀ ਜ਼ੋਰ ਫੜਦੀ ਜਾ ਰਹੀ ਹੈ। ਬੰਦੀ ਸਿੰਘ ਨੂੰ ਰਿਹਾਅ ਕਰਨ ਲਈ ਵੱਖ-ਵੱਖ ਸਿੱਖ ਜਥੇਬੰਦੀਆਂ ਮੰਗ ਕਰ ਰਹੀਆਂ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਬੰਦੀ ਸਿੰਘਾਂ ਨੂੰ ਰਿਹਾਅ ਕਰਨ ਲਈ ਇਕਜੁੱਟਤਾ ਦੀ ਅਪੀਲ ਕੀਤੀ ਗਈ ਹੈ। ਇਸ ਲੜੀ ਤਹਿਤ ਅੱਜ ਦਿੱਲੀ ਦੇ ਯਮੁਨਾ ਪਾਰ ਸਥਿਤ 15 ਸਿੰਘ ਸਭਾ ਗੁਰਦੁਆਰਿਆਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਦੇ ਪੋਸਟਰ ਲਗਾਏ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਭਜੋਤ ਸਿੰਘ ਗੁਲਾਟੀ ਦੱਸਿਆ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਹੁਕਮਾਂ ਤਹਿਤ ਸਜ਼ਾ ਪੂਰੀ ਕਰ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਕਜੁੱਟ ਹੋਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ 15 ਗੁਰਦੁਆਰਿਆਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਲਈ ਬੈਨਰ ਲਗਾਏ ਜਾ ਰਹੇ ਹਨ ਤੇ ਇਸ ਸਬੰਧੀ ਲੋਕਾਂ ਨੂੰ ਸੁਚੇਤ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਸਰਕਾਰ ਦੀ ਦੋਹਰੀ ਨੀਤੀ ਦੀ ਨਿਖੇਧੀ ਕੀਤੀ। ਉਨ੍ਹਾਂ ਨੇ ਕਿਹਾ ਕਿ ਸਜ਼ਾ ਪੂਰੀ ਕਰ ਚੁੱਕੇ ਸਿੱਖਾਂ ਨੂੰ ਰਿਹਾਅ ਨਾ ਕਰਨਾ ਸਰਕਾਰਾਂ ਦਾ ਪੱਖਪਾਤੀ ਰਵੱਈਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੱਖ-ਵੱਖ ਥਾਈਂ ਮੌਜੂਦ ਆਪਣੇ ਦਫਤਰਾਂ ਵਿੱਚ ਬੰਦੀ ਸਿੰਘ ਦੀ ਰਿਹਾਈ ਲਈ ਬੈਨਰ ਲਗਾਉਣ ਦੀ ਮੁਹਿੰਮ ਵਿੱਢੀ ਹੋਈ ਹੈ। ਇਸ ਤਹਿਤ ਬੀਤੇ ਦਿਨ ਅਕਾਲੀ ਦਲ ਨੇ ਰਕਾਬਗੰਜ ਸਥਿਤ ਆਪਣੇ ਦਫਤਰ ਦੇ ਬਾਹਰ ਬੈਨਰ ਲਗਾਏ ਗਏ। ਕਾਬਿਲੇਗੌਰ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਸਬੰਧੀ ਸਰਕਾਰਾਂ ਦੇ ਅੜੀਅਲ ਰਵੱਈਏ ਕਾਰਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਿੱਖ ਕੌਮ ਨੂੰ ਦਿੱਤੇ ਗਏ ਆਦੇਸ਼ ਤਹਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਇਤਿਹਾਸਕ ਗੁਰਦੁਆਰਿਆਂ ਅਤੇ ਵਿਦਿਅਕ ਅਦਾਰਿਆਂ ’ਚ ਬੰਦੀ ਸਿੰਘਾਂ ਬਾਰੇ ਜਾਣਕਾਰੀ ਦਿੰਦੇ ਹੋਰਡਿੰਗ ਬੋਰਡ ਲਗਾਏ ਜਾਣ ਦੇ ਆਦੇਸ਼ ਦਿੱਥੇ ਸਨ ਤਾਂ ਜੋ ਸੰਗਤ ਨੂੰ ਸਰਕਾਰਾਂ ਵੱਲੋਂ ਸਿੱਖਾਂ ਨਾਲ ਕੀਤੀ ਜਾ ਰਹੀ ਬੇਇਨਸਾਫੀ ਤੋਂ ਜਾਣੂ ਕਰਵਾਇਆ ਜਾ ਸਕੇ। ਇਹ ਵੀ ਪੜ੍ਹੋ : ਹੁਣ ਦਸਤਾਰ ਨਾ ਪਹਿਨਣ ਵਾਲੀਆਂ ਸਿੱਖ ਔਰਤਾਂ ਨੂੰ ਹੈਲਮੇਟ ਪਾਉਣ ਤੋਂ ਨਹੀਂ ਮਿਲੇਗੀ ਛੋਟ: ਰਿਪੋਰਟ