ਅਵਿਨਾਸ਼ ਰਾਏ ਖੰਨਾ ਨੇ ਬੂਟ ਪਾਲਿਸ਼ ਕਰ ਕੇ ਸੜਕ ਦੀ ਉਸਾਰੀ ਲਈ ਪੈਸੇ ਜੁਟਾਏ
ਹੁਸ਼ਿਆਰਪੁਰ : ਅੱਜ ਹੁਸ਼ਿਆਰਪੁਰ ਵਿੱਚ ਚਿੰਤਪੁਰਨੀ ਨੈਸ਼ਨਲ ਹਾਈਵੇ ਦੀ ਉਸਾਰੀ ਲਈ ਭਾਜਪਾ ਵੱਲੋਂ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ ਦੀ ਅਗਵਾਈ ਵਿੱਚ ਬੂਟ ਪਾਲਿਸ਼ ਅਭਿਆਨ ਚਲਾਇਆ ਗਿਆ। ਜਿਸ ਵਿੱਚ ਭਾਜਪਾ ਵੱਲੋਂ ਲੋਕਾਂ ਦੇ ਬੂਟ ਪਾਲਿਸ਼ ਕਰ ਕੇ ਪੈਸੇ ਜੁਟਾਏ ਗਏ ਤੇ ਪ੍ਰਸ਼ਾਸਨ ਨੂੰ ਸੜਕ ਦੇ ਨਿਰਮਾਣ ਲਈ ਦਿੱਤੇ ਗਏ। ਇਸ ਮੌਕੇ ਅਵਿਨਾਸ਼ ਰਾਏ ਖੰਨਾ ਨੇ ਕਿਹਾ ਕਿ ਜੇਕਰ ਹੁਣ ਵੀ ਸਰਕਾਰ ਨੇ ਸੜਕ ਦਾ ਕੰਮ ਨਾ ਕਰਵਾਇਆ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਖੰਨਾ ਨੇ ਕਿਹਾ ਕਿ ਜਦੋਂ ਤੋਂ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਸਰਕਾਰ ਵੱਲੋਂ ਇਸ ਸੜਕ ਦੇ ਹਾਲ ਵੱਲ ਕਦੇ ਵੀ ਧਿਆਨ ਨਹੀਂ ਦਿੱਤਾ ਗਿਆ। ਇਸ ਕਾਰਨ ਲੋਕਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨਾਂ ਬਾਅਦ ਹੀ ਮਾਤਾ ਚਿੰਤਪੁਰਨੀ ਜੀ ਦੇ ਮੇਲੇ ਸ਼ੁਰੂ ਹੋਣ ਜਾ ਰਹੇ ਹਨ ਤੇ ਬਾਵਜੂਦ ਇਸ ਦੇ ਨਾਂ ਤਾਂ ਪ੍ਰਸ਼ਾਸਨ ਹੀ ਗੰਭੀਰ ਹੈ ਤੇ ਨਾ ਹੀ ਸਰਕਾਰ ਜਿਸ ਕਾਰਨ ਅੱਜ ਉਨ੍ਹਾਂ ਵੱਲੋਂ ਉਕਤ ਕਦਮ ਚੁੱਕਿਆ ਗਿਆ ਹੈ। ਜ਼ਿਕਰਯੋਗ ਹੈ ਕਿ ਹੁਸ਼ਿਆਰਪੁਰ ਵਿਖੇ ਚਿੰਤਪੁਰਨੀ ਨੈਸ਼ਨਲ ਹਾਈਵੇ ਦੀ ਖਸਤਾ ਹਾਲਤ ਹੋਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਰਸਤੇ ਰਾਹੀਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਵੀ ਰਵਾਨਾ ਹੁੰਦੇ ਹਨ ਜਿਸ ਕਾਰਨ ਉਨ੍ਹਾਂ ਨੂੰ ਭਾਰੀ ਦਿੱਕਤ ਹੁੰਦੀ ਹੈ। ਇਸ ਕਾਰਨ ਕਈ ਜਥੇਬੰਦੀਆਂ ਤੇ ਸਥਾਨਕ ਲੋਕਾਂ ਨੇ ਪੰਜਾਬ ਸਰਕਾਰ ਨੂੰ ਸੜਕ ਬਣਾਉਣ ਦੀ ਅਪੀਲ ਕੀਤੀ। ਕੋਈ ਹੱਲ ਨਾ ਹੁੰਦਾ ਦੇਖ ਕਈ ਜਥੇਬੰਦੀਆਂ ਨੇ ਧਰਨੇ ਅਤੇ ਮੁਜ਼ਾਹਰੇ ਵੀ ਕੀਤੇ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਹੈ। ਇਸ ਲੜੀ ਤਹਿਤ ਹੀ ਭਾਜਪਾ ਦੇ ਸੀਨੀਅਰ ਆਗੂ ਅਵਿਨਾਸ਼ ਰਾਏ ਖੰਨਾ ਨੇ ਬੂਟ ਪਾਲਿਸ਼ ਮੁਹਿੰਮ ਸ਼ੁਰੂ ਕੀਤੀ ਤੇ ਸਰਕਾਰ ਦੀ ਨਿਖੇਧੀ ਕੀਤੀ। ਇਹ ਵੀ ਪੜ੍ਹੋ : ਐਬੂਲੈਂਸ ਵੈਨ ਦੀ ਆੜ 'ਚ ਅਫੀਮ ਲਿਜਾ ਰਹੇ ਤਿੰਨ ਦਬੋਚੇ