ਆਸਟ੍ਰੇਲੀਆ ਜਾਣ ਵਾਲਿਆਂ ਲਈ ਵੱਡੀ ਖ਼ਬਰ, 1 ਦਸੰਬਰ ਤੋਂ ਮਿਲੇਗੀ ਖੁੱਲ੍ਹੀ ਐਂਟਰੀ
Australia to Re-open: ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ ਹੈ। ਆਸਟ੍ਰੇਲੀਆ ਕੋਰੋਨਾ ਪਾਬੰਦੀਆਂ ਵਿੱਚ ਢਿੱਲ ਦੇਣ ਜਾ ਰਿਹਾ ਹੈ। ਇਸ ਨਾਲ ਹਜ਼ਾਰਾਂ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਨੂੰ ਆਸਟ੍ਰੇਲੀਆ ਜਾਣ ਦੀ ਖੁੱਲ੍ਹ ਮਿਲ ਜਾਏਗੀ। ਆਸਟ੍ਰੇਲੀਆ ਨੇ ਕੋਰੋਨਾ ਦੇ ਕਹਿਰ ਕਰਕੇ ਸਖਤ ਪਾਬੰਦੀਆਂ ਲਾਈਆਂ ਹੋਈਆਂ ਸਨ ਜਿਸ ਨਾਲ ਪਿਛਲੇ ਦੋ ਸਾਲਾਂ ਤੋਂ ਵਿਦੇਸ਼ੀਆਂ ਦੇ ਦਾਖਲੇ ਉੱਪਰ ਵੀ ਸਖਤੀ ਹੈ। ਆਸਟ੍ਰੇਲੀਆਈ ਸਰਕਾਰ ਜਲਦ ਹੀ ਵੈਕਸੀਨ ਲਗਵਾ ਚੁੱਕੇ ਵਿਦੇਸ਼ੀ ਵਿਦਿਆਰਥੀਆਂ ਅਤੇ ਵਰਕਰਾਂ ਲਈ ਆਪਣੇ ਬਾਰਡਰ ਖੋਲ੍ਹਣ ਜਾ ਰਹੀ ਹੈ। ਆਸਟ੍ਰੇਲੀਆ ਸਰਕਾਰ ਨੂੰ ਉਮੀਦ ਹੈ ਕਿ 200,000 ਟੀਕਾਕਰਨ ਕੀਤੇ ਵਿਦੇਸ਼ੀ ਵਿਦਿਆਰਥੀ ਤੇ ਹੁਨਰਮੰਦ ਕਾਮੇ ਜਲਦੀ ਹੀ ਬਿਨਾਂ ਕੁਆਰੰਟੀਨ ਕੀਤੇ ਵਾਪਸ ਆਉਣਗੇ ਜਦੋਂ ਦੇਸ਼ ਅਗਲੇ ਹਫ਼ਤੇ ਮਹਾਂਮਾਰੀ ਦੀਆਂ ਪਾਬੰਦੀਆਂ ਨੂੰ ਹੋਰ ਢਿੱਲ ਦੇਵੇਗਾ। ਇਸ ਨਾਲ ਵਿਦੇਸ਼ੀ ਵਿਦਿਆਰਥੀਆਂ ਤੇ ਕਾਮਿਆਂ ਨੂੰ ਵੱਡਾ ਲਾਹਾ ਮਿਲੇਗਾ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕਾਟ ਮੌਰੀਸਨ ਨੇ ਕਿਹਾ ਕਿ 1 ਦਸੰਬਰ ਤੋਂ ਵਿਦਿਆਰਥੀਆਂ, ਹੁਨਰਮੰਦ ਕਾਮਿਆਂ ਤੇ ਕੰਮਕਾਜੀ ਛੁੱਟੀਆਂ 'ਤੇ ਆਉਣ ਵਾਲੇ ਯਾਤਰੀਆਂ ਨੂੰ ਯਾਤਰਾ ਪਾਬੰਦੀ ਤੋਂ ਛੋਟ ਲੈਣ ਦੀ ਲੋੜ ਤੋਂ ਬਿਨਾਂ ਸਿਡਨੀ ਤੇ ਮੈਲਬਾਰਨ ਹਵਾਈ ਅੱਡਿਆਂ 'ਤੇ ਉੱਤਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਆਸਟਰੇਲੀਆ ਵਿਸ਼ਵ ਵਿੱਚ ਸਭ ਤੋਂ ਵੱਧ ਟੀਕਾਕਰਨ ਦਰਾਂ ਵਾਲੇ ਮੁਲਕਾਂ ਵਿੱਚੋਂ ਇੱਕ ਹੋਣ ਦੇ ਰਾਹ ’ਤੇ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਟੀਕਾਕਰਨ ਨਾਲ ਸੁਰੱਖਿਆ ਵਧਦੀ ਹੈ ਤੇ ਲੋਕ ਸਾਥ ਦੇਣ। ਦੱਸ ਦਈਏ ਕਿ ਆਸਟ੍ਰੇਲੀਆ ਵਿੱਚ ਅਜੇ ਵੀ ਕੋਰੋਨਾ ਦੀਆਂ ਕਾਫੀ ਪਾਬੰਦੀਆਂ ਹਨ। ਆਸਟ੍ਰੇਲੀਆ ਸਰਕਾਰ ਵੱਲੋਂ ਕੋਵਿਡ ਦੇ ਟਾਕਰੇ ਲਈ ਸ਼ੁਰੂ ਕੀਤੇ ਟੀਕਾਕਰਨ ਵਿਰੁੱਧ ਮੁਲਕ ਦੇ ਵੱਖ-ਵੱਖ ਸ਼ਹਿਰਾਂ ’ਚ ਮੁਜ਼ਾਹਰੇ ਹੋ ਰਹੇ ਹਨ। -PTC News