ਔਰੰਗਾਬਾਦ ਹਵਾਈ ਅੱਡੇ ਦਾ ਬਦਲਿਆ ਨਾਮ, ਜਾਣੋਂ ਹੁਣ ਕਿਸ ਨਾਮ ਨਾਲ ਜਾਣਿਆ ਜਾਵੇਗਾ
ਔਰੰਗਾਬਾਦ : ਮਹਾਰਾਸ਼ਟਰ ਸਰਕਾਰ ਨੇ ਵੀਰਵਾਰ ਨੂੰ ਔਰੰਗਾਬਾਦ ਹਵਾਈ ਅੱਡੇ ਦਾ ਨਾਮ ਬਦਲ ਦਿੱਤਾ ਹੈ। ਇਸ ਨੂੰ ਹੁਣ ਛਤਰਪਤੀ ਸੰਭਾਜੀ ਮਹਾਰਾਜ ਏਅਰਪੋਰਟ ਦੇ ਨਾਮ ਨਾਲ ਜਾਣਿਆ ਜਾਵੇਗਾ। ਇਸ ਸਬੰਧੀ ਵੀਰਵਾਰ ਨੂੰ ਇਸ ਦੀ ਘੋਸ਼ਣਾ ਕੀਤੀ ਗਈ ਸੀ। ਇਸ ਤੋਂ ਪਹਿਲਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਮਹਾਰਾਸ਼ਟਰ ਦੇ ਔਰੰਗਾਬਾਦ ਦਾ ਨਾਮ ਬਦਲ ਕੇ ਸੰਭਾਜੀਨਗਰ ਕਰਨ ਲਈ ਰੇਲਵੇ ਅਤੇ ਇੰਡੀਆ ਪੋਸਟ ਸਣੇ ਵੱਖ ਵੱਖ ਵਿਭਾਗਾਂ ਤੋਂ ਐਨਓਸੀ ਪ੍ਰਾਪਤ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ। ਇਹ ਜਾਣਕਾਰੀ ਇਕ ਸੀਨੀਅਰ ਅਧਿਕਾਰੀ ਨੇ ਦਿੱਤੀ ਹੈ। ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਚੰਦਰਕਾਂਤ ਪਾਟਿਲ ਨੇ ਸ਼ਹਿਰ ਦਾ ਨਾਮ ਬਦਲਣ ਦੀ ਆਪਣੀ ਪਾਰਟੀ ਦੀ ਮੰਗ ਪਿਛਲੇ ਹਫ਼ਤੇ ਦੁਹਰਾਈ ਸੀ। ਸ਼ਿਵ ਸੈਨਾ ਨੇ ਇਹ ਵੀ ਦਾਅਵਾ ਕੀਤਾ ਕਿ ਪਾਰਟੀ ਦੇ ਤਤਕਾਲੀ ਪ੍ਰਧਾਨ ਬਾਲਾ ਸਾਹਿਬ ਠਾਕਰੇ 25 ਸਾਲ ਪਹਿਲਾਂ ਅਜਿਹਾ ਕਰ ਚੁੱਕੇ ਹਨ। ਦੱਸ ਦੇਈਏ ਕਿ ਹਾਲ ਹੀ ਵਿੱਚ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਔਰੰਗਾਬਾਦ ਦਾ ਨਾਮ ਬਦਲਣ ਦੀ ਮੰਗ ਉਠਾਈ ਸੀ, ਜਿਸ ਕਾਰਨ ਮਹਾਰਾਸ਼ਟਰ ਵਿਧਾਨ ਸਭਾ ਵਿੱਚ ਕਾਫ਼ੀ ਵਿਵਾਦ ਹੋਇਆ ਸੀ। ਸਰਕਾਰ ਜਲਦੀ ਹੀ ਔਰੰਗਾਬਾਦ ਦਾ ਨਾਮ ਬਦਲ ਕੇ ‘ਸੰਭਾਜੀਨਗਰ’ ਕਰਨ ਵਾਲੀ ਹੈ।