ਸ੍ਰੀ ਦਰਬਾਰ ਸਾਹਿਬ 'ਚ ਬੇਅਦਬੀ ਦੀ ਕੋਸ਼ਿਸ਼ ਕਰਨ ਵਾਲੇ ਨੂੰ ਭੀੜ ਨੇ ਉਤਾਰਿਆ ਮੌਤ ਦੇ ਘਾਟ
ਅੰਮ੍ਰਿਤਸਰ: ਸੱਚਖੰਡ ਸ੍ਰੀ ਹਰਮੰਦਿਰ ਸਾਹਿਬ ਵਿਖੇ ਇੱਕ ਨੌਜਵਾਨ ਵੱਲੋਂ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਦੱਸ ਦੇਈਏ ਕਿ ਨੌਜਵਾਨ ਨੇ ਜੰਗਲਾ ਟੱਪ ਕੇ ਕਿਰਪਾਨ ਫੜਨ ਦੀ ਕੋਸ਼ਿਸ਼ ਕੀਤੀ ਸੀ ਪਰ ਮੌਕੇ ਤੇ ਮੌਜੂਦ ਐਸਜੀਪੀਸੀ ਸੇਵਾਦਾਰਾਂ ਵਲੋਂ ਮੁਸਤੈਦੀ ਦਿਖਾਉਂਦੇ ਹੋਏ ਨੌਜਵਾਨ ਨੂੰ ਕਾਬੂ ਕਰ ਲਿਆ ਗਿਆ। ਉਕਤ ਵਿਅਕਤੀ ਨੂੰ ਲੋਕਾਂ ਦੀ ਭੀੜ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਘਟਨਾ ਕਰੀਬ 6 ਵਜੇ ਦੀ ਹੈ, ਜਦੋ ਰਹਿਰਾਸ ਸਾਹਿਬ ਦਾ ਪਾਠ ਚੱਲ ਰਿਹਾ ਸੀ। ਸ਼੍ਰੋਮਣੀ ਕਮੇਟੀ ਦਫਤਰ ਦੇ ਬਾਹਰ ਨਿਹੰਗ ਸਿੰਘ ਜਥੇਬੰਦੀਆਂ ਇੱਕਠੀਆਂ ਹੋਈਆਂ ਹਨ ਤੇ ਹਾਲਾਤ ਤਣਾਅ ਪੂਰਨ ਹੈ। ਸ਼੍ਰੋਮਣੀ ਕਮੇਟੀ ਦਫਤਰ ਦੇ ਬਾਹਰ ਦੋਸ਼ੀ ਨੂੰ ਹਵਾਲੇ ਕਰਨ ਦੀ ਮੰਗ ਲੈ ਕੇ ਸਿੱਖ ਜਥੇਬੰਦੀਆਂ ਅਤੇ ਨਿਹੰਗ ਸਿੰਘ ਜਥੇਬੰਦੀਆਂ ਨਾਅਰੇਬਾਜ਼ੀ ਕਰ ਰਹੀਆਂ ਸਨ ਪਰ ਨੌਜਵਾਨ ਨੂੰ ਲੋਕਾਂ ਦੀ ਭੀੜ ਨੇ ਮੌਤ ਦੇ ਘਾਟ ਉਤਾਰ ਦਿੱਤਾ। ਜਾਣੋ ਪੂਰਾ ਮਾਮਲਾ ਦੱਸ ਦੇਈਏ ਕਿ ਸੱਚਖੰਡ ਸਾਹਿਬ ਦੇ ਅੰਦਰ ਅੱਜ ਸ਼ਾਮ ਕਰੀਬ 6 ਵਜੇ ਰਹਿਰਾਸ (ਸ਼ਾਮ ਨੂੰ ਕੀਤੇ ਜਾਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ) ਚੱਲ ਰਿਹਾ ਸੀ। ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਸੰਗਤਾਂ ਇੱਥੇ ਮੱਥਾ ਟੇਕਣ ਪਹੁੰਚ ਰਹੀਆਂ ਸਨ। ਸੱਚਖੰਡ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਮਣੇ ਸੁਰੱਖਿਆ ਵਜੋਂ ਇੱਕ ਗਰਿੱਲ ਲੱਗੀ ਹੋਈ ਹੈ ਅਤੇ ਇਸ ਦੇ ਅੰਦਰ ਸਿਰਫ਼ ਵਿਦਿਆਰਥੀ ਬੈਠ ਕੇ ਪਾਠ ਕਰਦੇ ਹਨ। ਸੰਗਤ ਦੀ ਕਤਾਰ ਵਿੱਚ ਲੱਗਾ ਨੌਜਵਾਨ ਆਪਣੀ ਵਾਰੀ ’ਤੇ ਸੱਚਖੰਡ ਸਾਹਿਬ ਦੇ ਅੰਦਰ ਪਹੁੰਚਿਆ ਅਤੇ ਅਚਾਨਕ ਸੁਰੱਖਿਆ ਲਈ ਰੱਖੇ ਜੰਗਲੇ ਨੂੰ ਪਾਰ ਕਰਕੇ ਗੁਰੂ ਗ੍ਰੰਥ ਸਾਹਿਬ ਵੱਲ ਵਧਿਆ ਜਿਵੇਂ ਹੀ ਉਸ ਨੇ ਅਜਿਹਾ ਕੀਤਾ, ਉੱਥੇ ਹਲਚਲ ਮਚ ਗਈ ਅਤੇ ਸੇਵਾਦਾਰਾਂ ਨੇ ਤੁਰੰਤ ਉਸ ਨੂੰ ਫੜ ਲਿਆ। ਮੌਕੇ 'ਤੇ ਮੌਜੂਦ ਕੁਝ ਲੋਕਾਂ ਨੇ ਦੱਸਿਆ ਕਿ ਨੌਜਵਾਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਰੱਖੀ ਤਲਵਾਰ ਚੁੱਕਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਹੀ ਕੁਝ ਲੋਕਾਂ ਨੇ ਦੱਸਿਆ ਕਿ ਉਕਤ ਨੌਜਵਾਨ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖੇ ਫੁੱਲਾਂ ਨੂੰ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਸੀ। ਸੱਚਖੰਡ 'ਚ ਮੌਜੂਦ ਸੇਵਾਦਾਰਾਂ ਨੇ ਨੌਜਵਾਨ ਨੂੰ ਫੜ ਕੇ ਹਰਿਮੰਦਰ ਸਾਹਿਬ 'ਚ ਤਾਇਨਾਤ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਦੇ ਹਵਾਲੇ ਕਰ ਦਿੱਤਾ ਸੀ। ਟਾਸਕ ਫੋਰਸ ਦੇ ਮੈਂਬਰਾਂ ਨੇ ਤੁਰੰਤ ਨੌਜਵਾਨ ਨੂੰ ਬਾਹਰ ਕੱਢਿਆ ਪਰ ਭੀੜ ਨੇ ਉਸ ਨੌਜਵਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਪੁਲਿਸ ਦਾ ਬਿਆਨ-- ਏਸੀਪੀ ਹਰਪਾਲ ਸਿੰਘ ਰੰਧਾਵਾ ਨੇ ਦੱਸਿਆ ਕਿ ਮਾਰੇ ਗਏ ਨੌਜਵਾਨ ਦੀ ਉਮਰ 24-25 ਸਾਲ ਦੇ ਕਰੀਬ ਹੈ ਅਤੇ ਹਰਿਮੰਦਰ ਸਾਹਿਬ ਅੰਦਰ ਦਾਖਲ ਹੋਣ ਸਮੇਂ ਸਿਰ 'ਤੇ ਪੀਲੀ ਪੱਟੀ ਬੰਨ੍ਹੀ ਹੋਈ ਸੀ। ਏ.ਸੀ.ਪੀ ਅਨੁਸਾਰ ਸੱਚਖੰਡ ਦੇ ਅੰਦਰ ਪਹੁੰਚ ਕੇ ਜਿੱਥੇ ਸਾਰਿਆਂ ਨੇ ਮੱਥਾ ਟੇਕਿਆ, ਉੱਥੇ ਇਹ ਨੌਜਵਾਨ ਅਚਾਨਕ ਗਰਿੱਲ 'ਤੇ ਛਾਲ ਮਾਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਕੋਲ ਪਹੁੰਚਿਆ ਅਤੇ ਸਾਹਮਣੇ ਰੱਖੇ ਸ੍ਰੀ ਸਾਹਿਬ (ਕਿਰਪਾਨ ) ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਸੇਵਾਦਾਰਾਂ ਨੇ ਉਸ ਨੂੰ ਫੜ ਲਿਆ। ਸੰਗਤ ਨੇ ਨੌਜਵਾਨ ਦੀ ਇੰਨੀ ਕੁੱਟਮਾਰ ਕੀਤੀ ਕਿ ਉਸ ਨੂੰ ਸੱਚਖੰਡ ਤੋਂ ਬਾਹਰ ਲਿਆਉਣ ਤੱਕ ਉਸ ਦੀ ਮੌਤ ਹੋ ਗਈ। ਵੇਖੋ CCTV ਵੀਡੀਓ ਏਸੀਪੀ ਨੇ ਦੱਸਿਆ ਕਿ ਸ੍ਰੀ ਹਰਿਮੰਦਰ ਸਾਹਿਬ ਕੰਪਲੈਕਸ ਅੰਦਰ ਬਾਹਰ ਤੋਂ ਅੰਦਰ ਤੱਕ ਕਈ ਸੀਸੀਟੀਵੀ ਕੈਮਰੇ ਲਾਏ ਗਏ ਹਨ। ਪੁਲਿਸ ਹਰ ਕੈਮਰੇ ਦੀ ਫੁਟੇਜ ਦੀ ਜਾਂਚ ਕਰ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਨੌਜਵਾਨ ਇਕੱਲਾ ਸੀ ਜਾਂ ਕੋਈ ਹੋਰ ਉਸ ਦੇ ਨਾਲ ਸੀ। ਫੁਟੇਜ 'ਚ ਜੇਕਰ ਉਸ ਨਾਲ ਕੋਈ ਹੋਰ ਵਿਅਕਤੀ ਨਜ਼ਰ ਆਉਂਦਾ ਹੈ ਤਾਂ ਉਸ ਦਾ ਵੀ ਪਤਾ ਲਗਾਇਆ ਜਾਵੇਗਾ। ਡੀਸੀਪੀ ਮੁਤਾਬਕ ਪੁਲਿਸ ਐਤਵਾਰ ਨੂੰ ਨੌਜਵਾਨ ਦਾ ਪੋਸਟਮਾਰਟਮ ਕਰੇਗੀ। ਉਸ ਤੋਂ ਬਾਅਦ ਜੋ ਵੀ ਅੱਗੇ ਦੀ ਕਾਰਵਾਈ ਹੋਵੇਗੀ, ਉਹੀ ਕੀਤੀ ਜਾਵੇਗੀ। ਇਸ ਘਟਨਾ ਕਾਰਨ ਸੰਗਤਾਂ ਅਤੇ ਨਿਹੰਗ ਜੱਥੇਬੰਦੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। -PTC News