ਨਹਿਰ 'ਚ ਨਹਾ ਰਹੇ ਨੌਜਵਾਨ 'ਤੇ ਜਾਨਲੇਵਾ ਹਮਲਾ, 5 ਦੀ ਮੌਤ
ਯਮੁਨਾਨਗਰ : ਯਮੁਨਾਨਗਰ ਦੇ ਬੁਡੀਆ ਥਾਣਾ ਇਲਾਕੇ 'ਚ ਇਕ ਦਰਜਨ ਮੋਟਰਸਾਈਕਲਾਂ ਉਤੇ ਸਵਾਰ ਹਮਲਾਵਰਾਂ ਨੇ ਨਹਿਰ 'ਚ ਨਹਾਉਣ ਗਏ ਨੌਜਵਾਨਾਂ 'ਤੇ ਹਮਲਾ ਕਰ ਦਿੱਤਾ ਜਿਸ ਕਾਰਨ ਪੰਜ ਨੌਜਵਾਨ ਨਹਿਰ ਵਿੱਚ ਡੁੱਬ ਗਏ। ਪੰਜ ਨੌਜਵਾਨਾਂ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਜਾਨ ਬਚਾ ਲਈ। ਹਮਲਾਵਾਰਾਂ ਨੇ ਭੱਜਦੇ ਹੋਏ ਇਕ ਨੌਜਵਾਨ ਦੀ ਲੱਤ ਵੀ ਤੋੜ ਦਿੱਤੀ। ਨੌਜਵਾਨਾਂ 'ਤੇ ਹਮਲੇ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਡੀਐਸਪੀ ਸੁਭਾਸ਼ ਪੁਲਿਸ ਸਮੇਤ ਮੌਕੇ ਉਤੇ ਪੁੱਜੇ। ਗੋਤਾਖੋਰਾਂ ਦੀ ਮਦਦ ਨਾਲ ਨਹਿਰ 'ਚ ਨੌਜਵਾਨਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਨੂੰ ਤਿੰਨ ਲਾਸ਼ਾਂ ਬਰਾਮਦ ਹੋਈਆਂ ਹਨ। ਜਾਣਕਾਰੀ ਅਨੁਸਾਰ ਯਮੁਨਾਨਗਰ ਵਿੱਚ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਰੈਲੀ ਸੀ। ਇਸੇ ਦੌਰਾਨ ਰੈਲੀ ਖਤਮ ਹੋਣ ਪਿੱਛੋਂ ਇੱਕ ਟਾਟਾ ਸਫਾਰੀ ਵਿੱਚ ਸਵਾਰ 10 ਨੌਜਵਾਨ ਬੁਡੀਆ ਵਿਖੇ ਯਮੁਨਾ ਨਹਿਰ 'ਚ ਨਹਾਉਣ ਲਈ ਆ ਗਏ। ਇਸ ਦੌਰਾਨ ਇਕ ਦਰਜਨ ਦੇ ਕਰੀਬ ਮੋਟਰਸਾਈਕਲਾਂ ਉਤੇ ਸਵਾਰ ਬਦਮਾਸ਼ ਮੌਕੇ 'ਤੇ ਪੁੱਜ ਗਏ ਤੇ ਉਨ੍ਹਾਂ ਨੇ ਆਉਂਦਿਆਂ ਹੀ ਇਨ੍ਹਾਂ ਵਿਅਕਤੀਆਂ 'ਤੇ ਡੰਡਿਆਂ, ਰਾਡਾਂ ਤੇ ਪੱਥਰਾਂ ਨਾਲ ਹਮਲਾ ਕਰ ਦਿੱਤਾ। ਇਹ ਸਾਰੇ ਨੌਜਵਾਨ ਕੰਢੇ ਉਤੇ ਹੀ ਸਨ ਤੇ ਇਨ੍ਹਾਂ ਨੂੰ ਤੈਰਨਾ ਵੀ ਨਹੀਂ ਆਉਂਦਾ ਸੀ। ਹਮਲੇ ਦੇ ਡਰੋਂ ਤੇ ਜਾਨ ਬਚਾਉਣ ਲਈ ਇਨ੍ਹਾਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ। ਹਮਲਾਵਾਰ ਉਦੋਂ ਤੱਕ ਪੱਥਰ ਮਾਰਦੇ ਰਹੇ ਜਦੋਂ ਉਹ ਡੁੱਬ ਨਹੀਂ ਗਏ। ਪੰਜ ਨੌਜਵਾਨ ਨੇ ਭੱਜ ਕੇ ਕਿਸੇ ਤਰੀਕੇ ਨਾਲ ਆਪਣੀ ਜਾਨ ਬਚਾ ਲਈ ਹੈ। ਸ਼ਾਂਤੀ ਕਲੋਨੀ ਦੇ ਸੁਲੇਮਾਨ, ਅਲਾਉਦੀਨ, ਸਾਹਿਲ, ਨਿਖਿਲ, ਸੰਨੀ ਅਮਨ ਕੁਮਾਰ, ਸਾਹਿਲ ਉਰਫ਼ ਡੇਢਾ, ਈਸ਼ੂ, ਦੀਪਕ ਤੇ ਸ਼ੌਕੀਨ ਰੈਲੀ ਸਮਾਪਤ ਹੋਣ ਪਿੱਛੋਂ ਪੱਛਮੀ ਯਮੁਨਾ ਨਹਿਰ ਦੇ ਬੁਡੀਆ ਘਾਟ 'ਤੇ ਨਹਾਉਣ ਗਏ ਸਨ। ਉਨ੍ਹਾਂ 'ਚੋਂ ਕੁਝ ਨਹਿਰ ਦੇ ਅੰਦਰ ਨਹਾ ਰਹੇ ਸਨ ਤੇ ਕੁਝ ਨਹਾਉਣ ਦੀ ਤਿਆਰੀ ਕਰ ਰਹੇ ਸਨ। ਇਸ ਦੌਰਾਨ 30 ਤੋਂ 35 ਨੌਜਵਾਨ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਘਾਟ ਉਤੇ ਆ ਗਏ। ਉਨ੍ਹਾਂ ਨੇ ਆਉਂਦਿਆਂ ਹੀ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਬਾਅਦ ਉਸ ਨੇ ਹਮਲਾ ਕਰ ਦਿੱਤਾ। ਮੁਲਜ਼ਮਾਂ ਦੀ ਗਿਣਤੀ ਜ਼ਿਆਦਾ ਹੋਣ ਕਾਰਨ ਉਹ ਨਹਾ ਰਹੇ ਨੌਜਵਾਨਾਂ ਉਤੇ ਭਾਰੀ ਸਾਬਤ ਹੋਏ। ਇਸ ਦੌਰਾਨ ਪੰਜ ਨੌਜਵਾਨ ਤਾਂ ਕਿਸੇ ਤਰੀਕੇ ਨਾਲ ਭੱਜ ਨਿਕਲੇ ਪਰ 5 ਨੌਜਵਾਨਾਂ ਨੇ ਜਾਨ ਬਚਾਉਣ ਲਈ ਨਹਿਰ ਵਿੱਚ ਛਾਲ ਮਾਰ ਦਿੱਤੀ ਤੇ ਉਹ ਡੁੱਬ ਗਏ। ਇਸ ਦੌਰਾਨ ਆਸਪਾਸ ਦੇ ਲੋਕ ਵੀ ਉਥੇ ਇਕੱਠੇ ਹੋ ਗਏ। ਉਨ੍ਹਾਂ ਨੌਜਵਾਨਾਂ ਨੂੰ ਛੁਡਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਹਮਲਾਵਰਾਂ ਨੇ ਉਨ੍ਹਾਂ ਨੂੰ ਧਮਕੀਆਂ ਦਿੱਤੀਆਂ। ਜਿਸ ਕਾਰਨ ਸਾਰੇ ਸ਼ਾਂਤ ਹੋ ਗਏ। ਇਸ ਦੌਰਾਨ ਸੁਲੇਮਾਨ, ਅਲਾਉਦੀਨ, ਸਾਹਿਲ, ਨਿਖਿਲ ਅਤੇ ਸੰਨੀ ਯਮੁਨਾ ਨਹਿਰ 'ਚ ਰੁੜ੍ਹ ਗਏ, ਜਦਕਿ ਅਮਨ, ਸਾਹਿਲ ਉਰਫ ਦੇਧਾ, ਈਸ਼ੂ ਦੀਪਕ ਅਤੇ ਸ਼ੌਕੀਨ ਕਿਸੇ ਤਰ੍ਹਾਂ ਆਪਣੀ ਜਾਨ ਬਚਾ ਕੇ ਫ਼ਰਾਰ ਹੋ ਗਏ। ਹਮਲੇ ਵਿੱਚ ਦੀਪਕ ਦੀ ਲੱਤ ਟੁੱਟ ਗਈ। ਦੂਜੇ ਪਾਸੇ ਬੁਡੀਆ ਥਾਣੇ ਦੇ ਇੰਚਾਰਜ ਲੱਜਾ ਰਾਮ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਕੁਝ ਨੌਜਵਾਨ ਨਹਿਰ ਵਿੱਚ ਡੁੱਬ ਗਏ ਹਨ। ਇਕ ਨੁਕਸਾਨੀ ਕਾਰ ਬਰਾਮਦ ਹੋਈ ਹੈ। ਅਜਿਹਾ ਲੱਗਦਾ ਹੈ ਕਿ ਨੌਜਵਾਨਾਂ ਉਤੇ ਹਮਲਾ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਤਿੰਨ ਲਾਸ਼ਾਂ ਬਰਾਮਦ ਕਰ ਲਈਆਂ ਹਨ ਤੇ ਦੋ ਨੌਜਵਾਨ ਦੀ ਅਜੇ ਭਾਲ ਜਾਰੀ ਹੈ। ਵਾਰਦਾਤ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ ਉਤੇ ਪਹੁੰਚੀ ਅਤੇ ਜਦੋਂ ਪੁੱਛਗਿੱਛ ਕੀਤੀ ਤਾਂ ਪਤਾ ਲੱਗਾ ਕਿ ਰੰਜਿਸ਼ ਕਾਰਨ ਸਾਲ 2020 'ਚ ਇਕ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਉਸ ਦਾ ਕੇਸ ਵੀ ਅਦਾਲਤ 'ਚ ਚੱਲ ਰਿਹਾ ਹੈ। ਮੌਤ ਦੇ ਮਾਮਲੇ ਵਿੱਚ ਅਲਾਹੁਦੀਨ ਨਾਮ ਦਾ ਇੱਕ ਨੌਜਵਾਨ ਗਵਾਹ ਸੀ, ਜਿਸ ਦੀ ਇਨ੍ਹੀਂ ਦਿਨੀਂ ਅਦਾਲਤ ਵਿੱਚ ਗਵਾਹੀ ਸੀ ਪਰ ਇਹ ਲੋਕ ਨਹੀਂ ਚਾਹੁੰਦੇ ਸਨ ਕਿ ਕੋਈ ਗਵਾਹ ਅਦਾਲਤ ਵਿੱਚ ਉਨ੍ਹਾਂ ਖ਼ਿਲਾਫ਼ ਗਵਾਹੀ ਦੇਵੇ। ਇਹ ਵੀ ਪੜ੍ਹੋ : ਪਾਕਿਸਤਾਨ 'ਚ ਸਿੱਖ ਕਤਲ ਮਾਮਲੇ 'ਚ ਸਰਨਾ ਨੇ ਪਾਕਿ ਹਾਈ ਕਮਿਸ਼ਨ ਨੂੰ ਦਿੱਤਾ ਮੰਗ ਪੱਤਰ