ਅੰਮ੍ਰਿਤਸਰ ਦੀ ਅਦਾਲਤ 'ਚ ਸਹੁਰੇ ਵੱਲੋਂ ਨੂੰਹ 'ਤੇ ਹਮਲਾ
ਅੰਮ੍ਰਿਤਸਰ, 4 ਅਕਤੂਬਰ: ਅੰਮ੍ਰਿਤਸਰ 'ਚ ਅਦਾਲਤੀ ਕੰਪਲੈਕਸ ਦੇ ਬਾਹਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਜਦੋਂ ਇਕ ਵਿਅਕਤੀ ਵੱਲੋਂ ਤਲਵਾਰ ਨਾਲ ਹਮਲਾ ਕਰਕੇ ਉਸ ਦੀ ਨੂੰਹ ਨੂੰ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਕ ਔਰਤ 'ਤੇ ਹਮਲਾ ਕਰਨ ਵਾਲਾ ਵਿਅਕਤੀ ਰਿਸ਼ਤੇਦਾਰੀ 'ਚ ਕੁੜੀ ਦਾ ਸਹੁਰਾ ਹੈ।
ਮਾਮਲਾ ਅੰਮ੍ਰਿਤਸਰ ਦੇ ਕੋਰਟ ਕੰਪਲੈਕਸ ਦਾ ਹੈ ਜਿੱਥੇ ਅੱਜ ਦਾਜ ਦੇ ਕੇਸ ਵਿੱਚ ਪੇਸ਼ ਹੋਣ ਆਈ ਮਨਦੀਪ ਨਾਮ ਦੀ ਔਰਤ 'ਤੇ ਉਸਦੇ ਸਹੁਰੇ ਵੱਲੋਂ ਤਲਵਾਰ ਨਾਲ ਹਮਲਾ ਕਰ ਉਸ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਨਾਲ ਕਚਹਿਰੀ ਪਰਿਸਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਚਸ਼ਮਦੀਦਾਂ ਨੇ ਦੱਸਿਆ ਕਿ ਇਹ ਔਰਤ ਕੋਰਟ ਵਿੱਚ ਕੇਸ ਸੰਬਧੀ ਪੁਲਿਸ ਕਸਟਡੀ ਵਿੱਚ ਆਈ ਸੀ ਅਤੇ ਪਿਛੋਂ ਉਸਦੇ ਸਹੁਰੇ ਵੱਲੋਂ ਉਸਨੂੰ ਤਲਵਾਰਾਂ ਨਾਲ ਪਹਿਲਾਂ ਤਿੰਨ ਵਾਰ ਬਾਂਹ 'ਤੇ ਹਮਲਾ ਕੀਤਾ ਗਿਆ ਅਤੇ ਬਾਅਦ ਵਿੱਚ ਉਸਦੇ ਸਿਰ ਉਤੇ ਵਾਰ ਕੀਤਾ ਜਿਸਦੇ ਚਲਦੇ ਔਰਤ ਉਥੇ ਹੀ ਡਿੱਗ ਪਈ, ਜਿਸਨੂੰ ਮੌਕੇ 'ਤੇ ਹਸਪਤਾਲ ਪਹੁੰਚਾਇਆ ਗਿਆ।
ਇਸ ਸੰਬਧੀ ਪੁਲਿਸ ਵੱਲੋਂ ਫਿਲਹਾਲ ਮੁਲਜ਼ਮ ਹਥਿਆਰੇ ਨੂੰ ਗ੍ਰਿਫ਼ਤਾਰ ਕਰ ਪੁੱਛਗਿੱਛ ਕੀਤੀ ਜਾ ਰਹੀ ਹੈ। ਫੜੇ ਗਏ ਮੁਲਜ਼ਮ ਦੀ ਪਛਾਣ ਕਸ਼ਮੀਰ ਸਿੰਘ ਵਾਸੀ ਪਿੰਡ ਭਿੱਟੇਵੱਡ ਵਜੋਂ ਹੋਈ ਹੈ। ਹਾਸਿਲ ਜਾਣਕਾਰੀ ਮੁਤਾਬਕ ਔਰਤ ਅਦਾਲਤ ਵਿੱਚ ਪੇਸ਼ੀ ਲਈ ਆਈ ਸੀ ਅਤੇ ਉਹ ਆਪਣੇ ਪਤੀ ਨੂੰ ਜ਼ਹਿਰ ਦੇਣ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੀ ਹੈ।
ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਅਦਾਲਤ ਦੀ ਚਾਰਦੀਵਾਰੀ ਤੋਂ ਕੁਝ ਦੂਰੀ 'ਤੇ ਵਾਪਰੀ ਇਸ ਘਟਨਾ ਕਾਰਨ ਇੰਝ ਜਾਪਦਾ ਹੈ ਜਿਵੇਂ ਉਥੇ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਸਨ।
-PTC News