ਇਸ ਸਕੂਲ ਦੀ ਦਸਵੀਂ ਦੀ ਪ੍ਰੀਖਿਆ ਹੋਈ ਰੱਦ, ਜਾਣੋ ਕਾਰਨ
ਲੁਧਿਆਣਾ : ਪੰਜਾਬ ਸਕੂਲ ਸਿੱਖਿਆ ਬੋਰਡ ਨੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਆਲੀ ਖ਼ੁਰਦ ਜ਼ਿਲ੍ਹਾ ਲੁਧਿਆਣਾ 'ਚ 16 ਮਈ ਨੂੰ ਹੋਈ ਸਾਲਾਨਾ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਦਸਵੀਂ ਜਮਾਤ ਨਾਲ ਸਬੰਧਤ ਗਣਿਤ ਵਿਸ਼ੇ ਦੇ ਪੇਪਰ 'ਚ ਸਮੂਹਿਕ ਨਕਲ ਦੇ ਮਾਮਲੇ ਸਾਹਮਣੇ ਆਉਣ ਕਰ ਕੇ ਮੈਨੇਜਮੈਂਟ ਨੇ ਇਹ ਫ਼ੈਸਲਾ ਲਿਆ ਹੈ। ਜ਼ਿਲ੍ਹਾ ਸਿੱਖਿਆ ਅਫਸਰ ਜਸਵਿੰਦਰ ਕੌਰ ਨੇ ਕਿਹਾ ਕਿ ਇਸ ਮਾਮਲੇ ਵਿੱਚ ਜਾਂਚ ਚਲ ਰਹੀ ਹੈ। ਜਲਦੀ ਹੀ ਸਖ਼ਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਨੇ ਨਕਲ ਰਹਿਤ ਪ੍ਰੀਖਿਆ ਕਰਵਾਉਣ ਦਾ ਟੀਚਾ ਆਰੰਭਿਆ ਹੋਇਆ ਹੈ। ਇਸ ਤਹਿਤ ਪ੍ਰੀਖਿਆ ਵਾਲੇ ਸਕੂਲਾਂ ਦੀ ਚੈਕਿੰਗ ਲਈ ਵੱਖ-ਵੱਖ ਟੀਮਾਂ ਬਣਾਈਆਂ ਗਈਆਂ ਸਨ। ਇਹ ਟੀਮਾਂ ਚੈਕਿੰਗ ਉਪਰੰਤ ਸਕੂਲ ਸਟਾਫ ਅਤੇ ਵਿਦਿਆਰਥੀਆਂ ਉਤੇ ਕਾਰਵਾਈ ਕਰਦੀ ਹੈ। ਇਸ ਤਹਿਤ ਹੀ ਫਲਾਈਂਗ ਟੀਮ ਲੁਧਿਆਣਾ ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਵਿੱਚ ਚੈਕਿੰਗ ਕਰ ਰਹੀ ਸੀ। ਇਸ ਦੌਰਾਨ ਫਲਾਈਂਗ ਟੀਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਇਆਲੀ ਖ਼ੁਰਦ ਵਿੱਚ ਚੈਕਿੰਗ ਲਈ ਪੁੱਜੀ। ਫਲਾਈਂਗ ਟੀਮ ਨੇ ਵੇਖਿਆ ਕਿ 10ਵੀਂ ਜਮਾਤ ਦੇ ਵਿਦਿਆਰਥੀ ਜੋ ਕਿ ਗਣਿਤ ਵਿਸ਼ਾ ਦਾ ਪੇਪਰ ਦੇ ਰਹੇ ਸਨ ਤੇ ਸਮੂਹਿਕ ਨਕਲ ਮਾਰ ਕੇ ਪ੍ਰੀਖਿਆ ਦੇ ਰਹੇ ਸਨ। ਵੇਰਵਿਆਂ ਅਨੁਸਾਰ ਸੋਮਵਾਰ ਨੂੰ ਦਸਵੀਂ ਜਮਾਤ ਟਰਮ-2 ਗਣਿਤ ਵਿਸ਼ੇ ਦਾ ਪੇਪਰ ਸੀ ਤੇ ਇਆਲੀ ਖੁਰਦ ਦੇ ਇਸ ਪ੍ਰੀਖਿਆ ਕੇਂਦਰ 'ਚ 250 ਵਿਦਿਆਰਥੀ ਪ੍ਰਰੀਖਿਆ ਦੇ ਰਹੇ ਸਨ ਜਿਸ ਬਾਰੇ ਬੋਰਡ ਮੈਨੇਜਮੈਂਟ ਨੂੰ ਕਿਸੇ ਨੇ ਨਕਲ ਕਰਾਉਣ ਸਬੰਧੀ ਸਬੂਤਾਂ ਵਾਲੀ ਵੀਡੀਓ ਤੇ ਸ਼ਿਕਾਇਤ ਦਿੱਤੀ ਸੀ। ਇਸ ਤੋਂ ਬਾਅਦ ਪ੍ਰੀਖਿਆ ਕੇਂਦਰ ਕੋਡ 43081 'ਚ ਕੰਟਰੋਲਰ ਤੇ ਆਬਜ਼ਰਵਰ ਨੂੰ ਵੀ ਕਾਰਨ ਦੱਸੋ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ। ਵੀਡੀਓ ਵਿਚ ਕਾਫੀ ਰੌਲਾ ਪੈ ਰਿਹਾ ਹੈ ਜਿਸ ਨਾਲ ਪ੍ਰੀਖਿਆ ਪ੍ਰਭਾਵਿਤ ਹੋਈ ਤੇ ਵਿਘਨ ਪਿਆ। ਇਸ ਸਬੰਧੀ ਬੋਰਡ ਨੇ ਡੀਜੀਐੱਸਈ ਸਿੱਖਿਆ ਨੂੰ ਵੀ ਪੱਤਰ ਲਿਖਿਆ ਹੈ ਤੇ ਸਕੂਲ ਦੇ ਇਨ੍ਹਾਂ ਅਧਿਆਪਕਾਂ ਤੇ ਪ੍ਰੀਖਿਆ ਕੇਂਦਰ ਦੇ ਸਟਾਫ ਪਾਸੋਂ ਸਪੱਸ਼ਟੀਕਰਨ ਮੰਗਦਿਆਂ ਬੋਰਡ ਮੈਨੇਜਮੈਂਟ ਨੇ ਇਸ ਮਾਮਲੇ ਦੀ ਪੜਤਾਲ ਲਈ ਵੱਖਰੇ ਤੌਰ 'ਤੇ ਵੀ ਪੜਤਾਲੀਆ ਅਫ਼ਸਰ ਨਿਯੁਕਤ ਕੀਤਾ ਹੈ। ਦੱਸਣਾ ਬਣਦਾ ਹੈ ਕਿ ਅਕਾਦਮਿਕ ਸਾਲ 2021-22 ਨਾਲ ਸਬੰਧਤ ਪ੍ਰੀਖਿਆਵਾਂ 'ਚ ਨਕਲ ਦਾ ਇਹ ਪਹਿਲਾ ਅਜਿਹਾ ਮਾਮਲਾ ਹੈ ਜਿਸ ਕਰ ਕੇ ਕਿਸੇ ਪ੍ਰੀਖਿਆ ਕੇਂਦਰ 'ਚ ਪੇਪਰ ਰੱਦ ਕਰਨਾ ਪਿਆ ਹੋਵੇ। ਇਹ ਵੀ ਪੜ੍ਹੋ : ਪੁਲਿਸ ਨੇ ਪੰਜਾਬੀ ਯੂਨੀਵਰਸਿਟੀ ਦੇ ਨੇੜੇ ਬਣੇ ਪੀਜੀ ਦੀ ਕੀਤੀ ਚੈਕਿੰਗ