ਸਹਾਇਕ ਲੋਕ ਸੰਪਰਕ ਅਫਸਰ ਡਾ. ਖੋਖਰ ਨੇ ਡਾਇਰੈਕਟਰ ਲੋਕ ਸੰਪਰਕ ਨੂੰ ਬਦਲਣ ਦੀ ਮੰਗ ਕੀਤੀ
ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸਾਲ 2001 ਤੋਂ ਸਹਾਇਕ ਲੋਕ ਸੰਪਰਕ ਅਫਸਰ ਵਜੋਂ ਸੇਵਾ ਨਿਭਾ ਰਹੇ, 1998 ਬੈਚ ਦੇ ਸਾਬਕਾ ਭਾਰਤੀ ਸੂਚਨਾ ਸੇਵਾ (ਆਈ.ਆਈ.ਐਸ) ਅਧਿਕਾਰੀ ਡਾ. ਹਰਮਿੰਦਰ ਸਿੰਘ ਖੋਖਰ ਨੇ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਅਰਵਿੰਦ ਨੂੰ ਇੱਕ ਪੱਤਰ ਭੇਜਕੇ ਯੂਨੀਵਰਸਿਟੀ ਦੇ ਡਾਇਰੈਕਟਰ ਲੋਕ ਸੰਪਰਕ ਦਾ ਵਾਧੂ ਚਾਰਜ ਦੇਖ ਰਹੇ ਦਲਜੀਤ ਸਿੰਘ ਅੰਮੀ (ਪ੍ਰੋਬੇਸ਼ਨ ਤੇ) ਨੂੰ ਤੁਰੰਤ ਬਦਲਣ ਦੀ ਮੰਗ ਕੀਤੀ ਹੈ। ਡਾ. ਖੋਖਰ ਨੇ ਵਾਇਸ ਚਾਂਸਲਰ ਨੂੰ ਭੇਜੇ ਆਪਣੇ ਪੱਤਰ ਵਿੱਚ ਲਿਖਿਆ ਹੈ ਕਿ ਯੂਨੀਵਰਸਿਟੀ ਦੇ ਡਾਇਰੈਕਟਰ ਲੋਕ ਸੰਪਰਕ ਦਾ ਵਾਧੂ ਚਾਰਜ ਮਾਣ ਰਹੇ ਦਲਜੀਤ ਸਿੰਘ ਅੰਮੀ (ਪ੍ਰੋਬੇਸ਼ਨ ਤੇ) ਵੱਲੋਂ ਕੁੱਝ ਪੱਤਰਕਾਰਾਂ ਵਿਰੁੱਧ ਕਾਰਵਾਈ ਕਰਨ ਲਈ ਵਾਈਸ ਚਾਂਸਲਰ ਤੇ ਅਖ਼ਬਾਰਾਂ ਦੇ ਸੰਪਾਦਕਾਂ ਨੂੰ ਸ਼ਿਕਾਇਤਾਂ ਕੀਤੀਆਂ ਜਾ ਰਹੀਆਂ ਹਨ। ਅਜਿਹਾ ਕਰਨ ਤੋਂ ਪਹਿਲਾਂ ਅੰਮੀ ਵੱਲੋਂ ਲੋਕ ਸੰਪਰਕ ਦਾ ਸੀਨੀਅਰ ਮੋਸਟ ਅਧਿਕਾਰੀ ਹੋਣ ਦੇ ਨਾਤੇ ਉਨ੍ਹਾਂ (ਡਾ. ਖੋਖਰ) ਨਾਲ ਰਾਏ ਕਰਨੀ ਵੀ ਜ਼ਰੂਰੀ ਨਹੀਂ ਸਮਝੀ ਜਾਂਦੀ। ਡਾ. ਖੋਖਰ ਅਨੁਸਾਰ ਦਲਜੀਤ ਸਿੰਘ ਅੰਮੀ ਪੰਜਾਬੀ ਯੂਨੀਵਰਸਿਟੀ ਵਿੱਚ ਨਵੇਂ ਆਏ ਹਨ ਅਤੇ ਉਨ੍ਹਾਂ ਕੋਲ ਲੋਕ ਸੰਪਰਕ ਦੇ ਕੰਮ ਦਾ ਕੋਈ ਤਜਰਬਾ ਤੇ ਯੋਗਤਾ ਨਾ ਹੋਣ ਕਾਰਨ, ਉਨ੍ਹਾਂ ਵੱਲੋਂ ਲੋਕ ਸੰਪਰਕ ਦਾ ਵਾਧੂ ਚਾਰਜ ਸੰਭਾਲਣ ਤੋਂ ਬਾਅਦ ਯੂਨੀਵਰਸਿਟੀ ਦੀ ਮੀਡੀਆ 'ਚ ਨੈਗੇਟਿਵ ਕਵਰੇਜ਼ ਵਧੀ ਹੈ। ਉਨ੍ਹਾਂ ਲਿਖਿਆ ਕਿ ਇਸ ਤੋਂ ਇਲਾਵਾ ਅੰਮੀ ਦੀ ਲੋਕ ਸੰਪਰਕ ਦੇ ਹੀ ਸੀਨੀਅਰ ਕਰਮਚਾਰੀਆਂ ਤੇ ਪਟਿਆਲਾ ਸ਼ਹਿਰ ਦੇ ਸੀਨੀਅਰ ਪੱਤਰਕਾਰਾਂ ਤੋਂ ਇਲਾਵਾ ਯੂਨੀਵਰਸਿਟੀ ਬੀਟ ਰਿਪੋਰਟਰਾਂ ਨਾਲ ਬਿਨਾਂ ਮਤਲਬ ਉਲਝਣਬਾਜ਼ੀ ਨਾਲ ਯੂਨੀਵਰਸਿਟੀ ਦੀ ਸਾਖ਼ ਨੂੰ ਵੱਡਾ ਧੱਕਾ ਲੱਗਾ ਹੈ। ਡਾ. ਖੋਖਰ ਨੇ ਕਿਹਾ ਕਿ ਅੰਮੀ ਮੀਡੀਆ ਨੂੰ ਆਪਣੇ ਨਾਲ ਲੈ ਕੇ ਚੱਲਣ ਵਿੱਚ ਅਸਫ਼ਲ ਰਹੇ ਹਨ। ਜਿਸ ਦੇ ਸਿੱਟੇ ਵਜੋਂ ਬੀਤੇ ਦਿਨੀਂ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਸੱਦੀ ਗਈ ਪ੍ਰੈਸ ਕਾਨਫਰੰਸ ਦੌਰਾਨ 1—2 ਰਿਪੋਰਟਰ ਹੀ ਸ਼ਾਮਲ ਹੋਏ। ਡਾ. ਖੋਖਰ ਅਨੁਸਾਰ ਉਹ ਪੰਜਾਬੀ ਯੂਨੀਵਰਸਿਟੀ ਨਾਲ ਪਿਛਲੇ 30 ਸਾਲਾਂ ਤੋ ਵੱਧ ਸਮੇਂ ਤੋਂ ਜੁੜੇ ਹੋਏ ਹਨ ਅਤੇ ਯੂਨੀਵਰਸਿਟੀ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਸੀ, ਜਦੋਂ ਵਾਈਸ ਚਾਂਸਲਰ ਦੀ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰ ਸ਼ਾਮਲ ਨਾ ਹੋਏ ਹੋਣ। ਡਾ. ਖੋਖਰ ਨੇ ਆਪਣੇ ਪੱਤਰ ਵਿੱਚ ਕਿਹਾ ਲੋਕ ਸੰਪਰਕ ਦਾ ਕੰਮ ਮੀਡੀਆ ਤੇ ਪ੍ਰਸ਼ਾਸਨ ਦਰਮਿਆਨ ਕੜੀ ਵਜੋਂ ਵਿਚਰਨਾ ਹੁੰਦਾ ਹੈ ਅਤੇ ਅੱਜ ਦੇ ਸਮੇਂ ਵਿੱਚ ਕੋਈ ਵੀ ਸੰਸਥਾ ਮੀਡੀਆ ਨਾਲ ਸਬੰਧ ਵਿਗਾੜ ਕੇ ਅੱਗੇ ਨਹੀਂ ਵੱਧ ਸਕਦੀ । ਉਨ੍ਹਾਂ ਲਿਖਿਆ ਕਿ ਪੰਜਾਬੀ ਯੂਨੀਵਰਸਿਟੀ ਅੱਜ ਆਪਣੇ ਸਭ ਤੋਂ ਮਾੜੇ ਸਮੇਂ ਵਿਚੋਂ ਗੁਜ਼ਰ ਰਹੀ ਹੈ, ਅਜਿਹੇ ਹਾਲਾਤ ਵਿੱਚ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਮੀਡੀਆ ਨਾਲ ਸਬੰਧ ਵਿਗਾੜਨ ਦਾ ਰਿਸਕ ਨਹੀਂ ਲੈਣਾ ਚਾਹੀਦਾ। ਡਾ. ਖੋਖਰ ਅਨੁਸਾਰ ਦਲਜੀਤ ਅੰਮੀ, ਯੂਨੀਵਰਸਿਟੀ ਗਰਾਂਟਸ ਕਮਿਸ਼ਨ ਦੇ ਯੂਨੀਵਰਸਿਟੀ ਵਿੱਚ ਚੱਲ ਰਹੇ ਐਜੂਕੇਸ਼ਨਲ ਮਲਟੀ ਮੀਡੀਆ ਰਿਸਰਚ ਸੈਂਟਰ ਨਾਮੀ ਪ੍ਰਾਜੈਕਟ ਵਿੱਚ ਟਰਮ—ਬੇਸ ਉਤੇ ਤਾਇਨਾਤ ਕੀਤੇ ਗਏ ਹਨ ਤੇ ਉਹ ਯੂਨੀਵਰਸਿਟੀ ਦੇ ਕਰਮਚਾਰੀ ਵੀ ਨਹੀਂ ਹਨ। ਡਾ. ਖੋਖਰ ਨੇ ਕਿਹਾ ਦਲਜੀਤ ਅੰਮੀ ਦੇ ਜਾਣ ਤੋਂ ਬਾਅਦ ਮੀਡੀਆ ਨਾਲ ਸਬੰਧ ਸੁਧਾਰਨ 'ਚ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਲੋਕ ਸੰਪਰਕ ਵਿਭਾਗ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਡਾ. ਖੋਖਰ ਨੇ ਵਾਈਸ ਚਾਂਸਲਰ ਤੋਂ ਮੰਗ ਕੀਤੀ ਕਿ ਅਜਿਹੇ ਹਾਲਾਤ ਵਿੱਚ ਉਨ੍ਹਾਂ ਦਾ ਸੁਝਾਅ ਹੈ ਕਿ ਯੂਨੀਵਰਸਿਟੀ ਦੇ ਹਿੱਤ ਵਿੱਚ ਦਲਜੀਤ ਸਿੰਘ ਅੰਮੀ ਨੂੰ ਲੋਕ ਸੰਪਰਕ ਦੇ ਵਾਧੂ ਚਾਰਜ ਤੋਂ ਹਟਾ ਕੇ ਪੰਜਾਬੀ ਯੂਨੀਵਰਸਿਟੀ ਦੇ ਹੀ ਕਿਸੇ ਜ਼ਿੰਮੇਵਾਰ ਪੱਕੇ ਅਧਿਕਾਰੀ ਨੂੰ ਲੋਕ ਸੰਪਰਕ ਦਾ ਚਾਰਜ ਦੇਣਾ ਬਿਹਤਰ ਹੋਵੇਗਾ ਤਾਂ ਜੋ ਭਵਿੱਖ ਵਿੱਚ ਹੋਣ ਵਾਲੇ ਨੁਕਸਾਨ ਤੋਂ ਯੂਨੀਵਰਸਿਟੀ ਨੂੰ ਬਚਾਇਆ ਜਾ ਸਕੇ। ਰਿਪੋਰਟ : ਗਗਨਦੀਪ ਆਹੂਜਾ ਇਹ ਵੀ ਪੜ੍ਹੋ : ਬਿਕਰਮ ਮਜੀਠੀਆ ਦੀ ਜ਼ਮਾਨਤ ਪਟੀਸ਼ਨ 'ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ 'ਚ ਸੁਣਵਾਈ