ਅਸਾਮ: ਹੜ੍ਹ ਪ੍ਰਭਾਵਿਤ ਲੋਕਾਂ ਨੂੰ ਲੈ ਕੇ ਜਾ ਰਹੀ ਪਲਟੀ ਕਿਸ਼ਤੀ, ਤਿੰਨ ਬੱਚੇ ਲਾਪਤਾ
ਗੁਹਾਟੀ: ਅਸਾਮ ਦੇ ਹੋਜਈ ਜ਼ਿਲ੍ਹੇ ਵਿੱਚ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਲੈ ਕੇ ਜਾ ਰਹੀ ਇੱਕ ਕਿਸ਼ਤੀ ਪਲਟ ਗਈ, ਜਿਸ ਵਿੱਚ ਸਵਾਰ ਤਿੰਨ ਬੱਚੇ ਲਾਪਤਾ ਹੋ ਗਏ ਜਦਕਿ 21 ਹੋਰਾਂ ਨੂੰ ਬਚਾ ਲਿਆ ਗਿਆ। ਅਧਿਕਾਰੀਆਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ 24 ਪਿੰਡਾਂ ਦੇ ਲੋਕਾਂ ਦਾ ਇੱਕ ਸਮੂਹ ਸ਼ੁੱਕਰਵਾਰ ਦੇਰ ਰਾਤ ਇਸਲਾਮਪੁਰ ਪਿੰਡ ਤੋਂ ਸੁਰੱਖਿਅਤ ਸਥਾਨ ਵੱਲ ਜਾ ਰਿਹਾ ਸੀ ਜਦੋਂ ਰਾਏਕੋਟਾ ਖੇਤਰ ਵਿੱਚ ਪਾਣੀ ਵਿੱਚ ਡੁੱਬੀ ਇੱਟਾਂ ਦੇ ਭੱਠੇ ਨਾਲ ਟਕਰਾਉਣ ਤੋਂ ਬਾਅਦ ਉਨ੍ਹਾਂ ਦੀ ਕਿਸ਼ਤੀ ਪਲਟ ਗਈ। ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐੱਨ.ਡੀ.ਆਰ.ਐੱਫ.) ਅਤੇ ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐੱਸ.ਡੀ.ਆਰ.ਐੱਫ.) ਦੇ ਜਵਾਨਾਂ ਨੇ 21 ਲੋਕਾਂ ਨੂੰ ਪਾਣੀ 'ਚੋਂ ਬਚਾਇਆ ਹੈ, ਜਦਕਿ ਤਿੰਨ ਲਾਪਤਾ ਬੱਚਿਆਂ ਦਾ ਪਤਾ ਲਗਾਉਣ ਲਈ ਮੁਹਿੰਮ ਜਾਰੀ ਹੈ ਅਤੇ ਉਨ੍ਹਾਂ ਨੂੰ ਹਨੇਰੇ 'ਚ ਡੁੱਬੇ ਇਲਾਕਿਆਂ 'ਚ ਨਾ ਜਾਣ ਦੀ ਅਪੀਲ ਕੀਤੀ ਗਈ ਹੈ। ਇਹ ਵੀ ਪੜ੍ਹੋ: ਪੁੱਛਗਿੱਛ ਦੇ ਨਾਂ 'ਤੇ ਪੁਲਿਸ ਲਾਰੈਂਸ ਬਿਸ਼ਨੋਈ ਉਪਰ ਤਸ਼ੱਦਦ ਢਾਹ ਰਹੀ : ਐਡਵੋਕੇਟ ਵਿਸ਼ਾਲ ਚੋਪੜਾ ਸ਼ਨੀਵਾਰ ਨੂੰ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਚਾਰ ਬੱਚਿਆਂ ਸਮੇਤ ਅੱਠ ਲੋਕਾਂ ਦੀ ਮੌਤ ਹੋ ਗਈ। ਇਸ ਨਾਲ ਮਰਨ ਵਾਲਿਆਂ ਦੀ ਗਿਣਤੀ 25 ਦੇ ਕਰੀਬ ਪਹੁੰਚ ਗਈ ਹੈ। ਅੱਠ ਲੋਕ ਲਾਪਤਾ ਦੱਸੇ ਜਾ ਰਹੇ ਹਨ। ਸੂਬੇ ਦੇ 32 ਜ਼ਿਲ੍ਹਿਆਂ ਦੇ 30 ਲੱਖ ਤੋਂ ਵੱਧ ਲੋਕ ਹੜ੍ਹਾਂ ਨਾਲ ਪ੍ਰਭਾਵਿਤ ਹੋਏ ਹਨ। ਹੜ੍ਹਾਂ ਕਾਰਨ ਰਾਜ ਦੀਆਂ ਬ੍ਰਹਮਪੁੱਤਰ ਅਤੇ ਹੋਰ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਦਰਿਆਵਾਂ ਦਾ ਪਾਣੀ ਚਾਰ ਹਜ਼ਾਰ ਤੋਂ ਵੱਧ ਪਿੰਡਾਂ ਵਿੱਚ ਦਾਖ਼ਲ ਹੋ ਗਿਆ ਹੈ। ਅਸਾਮ ਸਟੇਟ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ (ਏਐਸਡੀਐਮਏ) ਦੇ ਅਨੁਸਾਰ, ਸ਼ੁੱਕਰਵਾਰ ਨੂੰ ਹੋਜਈ ਵਿੱਚ ਇੱਕ ਹੋਰ ਘਟਨਾ ਵਿੱਚ ਇੱਕ ਵਿਅਕਤੀ ਦੇ ਲਾਪਤਾ ਹੋਣ ਦੀ ਸੂਚਨਾ ਮਿਲੀ ਹੈ। ਸੋਨਿਤਪੁਰ ਜ਼ਿਲ੍ਹੇ ਵਿੱਚ ਸ਼ੁੱਕਰਵਾਰ ਨੂੰ ਇੱਕ ਕਿਸ਼ਤੀ ਪਲਟਣ ਤੋਂ ਬਾਅਦ ਇੱਕ ਵਿਅਕਤੀ ਲਾਪਤਾ ਹੈ। ਕਿਸ਼ਤੀ 'ਚ ਚਾਰ ਲੋਕ ਸਵਾਰ ਸਨ, ਜਿਨ੍ਹਾਂ 'ਚੋਂ ਤਿੰਨ ਨੂੰ ਬਚਾ ਲਿਆ ਗਿਆ ਹੈ ਜਦਕਿ ਲਾਪਤਾ ਵਿਅਕਤੀ ਦੀ ਭਾਲ ਜਾਰੀ ਹੈ। -PTC News