Assam Flood: ਅਸਾਮ 'ਚ ਹੜ੍ਹ ਕਾਰਨ ਸਥਿਤੀ ਨਾਜ਼ੁਕ, ਮਰਨ ਵਾਲਿਆਂ ਦੀ ਗਿਣਤੀ 117 ਤੱਕ ਪਹੁੰਚੀ
Assam Flood: ਅਸਾਮ ਦੇ ਕਈ ਜ਼ਿਲ੍ਹਿਆਂ ਵਿੱਚ ਹੜ੍ਹ ਕਾਰਨ ਕਾਫੀ ਤਬਾਹੀ ਹੋਈ ਹੈ। ਸੂਬੇ 'ਚ 7 ਹੋਰ ਲੋਕਾਂ ਦੀ ਜਾਨ ਚਲੀ ਗਈ, ਜਿਸ ਤੋਂ ਬਾਅਦ ਹੜ੍ਹਾਂ 'ਚ ਮਰਨ ਵਾਲਿਆਂ ਦੀ ਕੁੱਲ ਗਿਣਤੀ 117 ਹੋ ਗਈ ਹੈ। ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਹੜ੍ਹ ਦੀ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਨ। ਬੀਤੇ ਦਿਨ ਉਨ੍ਹਾਂ ਨੇ ਹੜ੍ਹ ਪ੍ਰਭਾਵਿਤ ਸਿਲਚਰ ਦਾ ਹਵਾਈ ਦੌਰਾ ਕੀਤਾ। 30 ਜ਼ਿਲ੍ਹਿਆਂ ਦੇ 35 ਲੱਖ ਤੋਂ ਵੱਧ ਲੋਕ ਹੜ੍ਹ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਹਾਲਾਂਕਿ, ਇੱਕ ਦਿਨ ਪਹਿਲਾਂ ਇਹ ਅੰਕੜਾ 32 ਜ਼ਿਲ੍ਹਿਆਂ ਵਿੱਚ 54 ਲੱਖ ਤੋਂ ਪਾਰ ਸੀ। ਦੇਸ਼ ਦੇ ਉੱਤਰ-ਪੂਰਬੀ ਰਾਜ ਅਸਾਮ ਦੇ ਕਈ ਜ਼ਿਲ੍ਹਿਆਂ ਵਿੱਚ ਨਦੀਆਂ ਦਾ ਪਾਣੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਸ਼ੁੱਕਰਵਾਰ ਨੂੰ ਅਸਾਮ 'ਚ ਹੜ੍ਹ ਕਾਰਨ 45.34 ਲੱਖ ਲੋਕ ਪ੍ਰਭਾਵਿਤ ਹੋਏ ਸਨ। ਇਸ ਦੇ ਨਾਲ ਹੀ ਆਸਾਮ ਵਿੱਚ ਪਿਛਲੇ 24 ਘੰਟਿਆਂ ਦੌਰਾਨ ਹੜ੍ਹ ਕਾਰਨ 10 ਲੋਕਾਂ ਦੀ ਜਾਨ ਚਲੀ ਗਈ ਹੈ ਜਿਸ ਤੋਂ ਬਾਅਦ ਹੁਣ ਇਸ ਸਾਲ ਅਸਾਮ ਵਿੱਚ ਹੜ੍ਹ ਅਤੇ ਜ਼ਮੀਨ ਖਿਸਕਣ ਕਾਰਨ ਮਰਨ ਵਾਲਿਆਂ ਦੀ ਗਿਣਤੀ 117 ਤੱਕ ਪਹੁੰਚ ਗਈ ਹੈ। ਇਹ ਵੀ ਪੜ੍ਹੋ: BSF ਨੂੰ ਮਿਲੀ ਵੱਡੀ ਸਫ਼ਲਤਾ, ਫੜੀ 21 ਕਰੋੜ ਦੀ ਹੈਰੋਇਨ, ਪਿਸਤੌਲ ਵੀ ਹੋਈ ਬਰਾਮਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸੂਬੇ 'ਚ ਹੜ੍ਹਾਂ ਦੀ ਮੌਜੂਦਾ ਸਥਿਤੀ 'ਤੇ ਨਜ਼ਰ ਰੱਖ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਸਾਮ ਵਿੱਚ ਹੜ੍ਹਾਂ ਦੀ ਸਥਿਤੀ 'ਤੇ ਲਗਾਤਾਰ ਨਜ਼ਰ ਰੱਖ ਰਿਹਾ ਹੈ ਅਤੇ ਇਸ ਚੁਣੌਤੀ ਨਾਲ ਨਜਿੱਠਣ ਲਈ ਸੂਬਾ ਸਰਕਾਰ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਉਨ੍ਹਾਂ ਕਿਹਾ, "ਫੌਜ ਅਤੇ ਐਨਡੀਆਰਐਫ ਦੀਆਂ ਟੀਮਾਂ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਮੌਜੂਦ ਹਨ। ਉਹ ਬਚਾਅ ਕਾਰਜ ਕਰ ਰਹੀਆਂ ਹਨ ਅਤੇ ਪ੍ਰਭਾਵਿਤ ਲੋਕਾਂ ਦੀ ਮਦਦ ਕਰ ਰਹੀਆਂ ਹਨ। ਹਵਾਈ ਸੈਨਾ ਨੇ ਨਿਕਾਸੀ ਪ੍ਰਕਿਰਿਆ ਦੇ ਹਿੱਸੇ ਵਜੋਂ 250 ਤੋਂ ਵੱਧ ਉਡਾਣਾਂ ਕੀਤੀਆਂ ਹਨ।" -PTC News