ਡਿਊਟੀ 'ਤੇ ਤਾਇਨਾਤ ਏਐੱਸਆਈ ਨੇ ਖ਼ੁਦ ਨੂੰ ਮਾਰੀ ਗੋਲ਼ੀ, ਅਧਿਕਾਰੀ 'ਤੇ ਲਗਾਏ ਗੰਭੀਰ ਦੋਸ਼
ਹੁਸ਼ਿਆਰਪੁਰ : ਥਾਣਾ ਹਰਿਆਣਾ ਵਿਖੇ ਤਾਇਨਾਤ ਏਐੱਸਆਈ ਨੇ ਪਿਸਤੌਲ ਨਾਲ ਖ਼ੁਦ ਨੂੰ ਗੋਲੀ ਮਾਰ ਲਈ। ਇਸ ਕਾਰਨ ਪੁਲਿਸ ਨੂੰ ਅਧਿਕਾਰੀਆਂ ਨੂੰ ਇਕਦਮ ਹੱਥਾਂ ਪੈਰਾਂ ਦੀ ਪੈ ਗਈ। ਏਐਸਆਈ ਸਤੀਸ਼ ਕੁਮਾਰ ਨੇ ਸਰਵਿਸ ਰਿਵਾਲਵਰ ਨਾਲ ਖੁਦ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਜੇਬ ਵਿੱਚੋਂ ਖ਼ੁਦਕੁਸ਼ੀ ਨੋਟ ਵੀ ਮਿਲਿਆ ਹੈ। ਏਐਸਆਈ ਨੇ ਆਤਮਹੱਤਿਆ ਲਈ ਉਕਸਾਉਣ ਵਾਸਤੇ ਟਾਂਡਾ ਦੇ ਐਸਐਚਓ ਉਂਕਾਰ ਸਿੰਘ 'ਤੇ ਇਲਜ਼ਾਮ ਲਾਏ ਹਨ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਸੀ। ਜਾਣਕਾਰੀ ਮੁਤਾਬਿਕ ਏਐੱਸਆਈ ਦੀ ਥਾਣੇ ਵਿਚ ਰਾਤ ਦੀ ਡਿਊਟੀ ਸੀ।
ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਏਐਸਆਈ ਨੇ ਇਕ ਵੀਡੀਓ ਜਾਰੀ ਕਰਕੇ ਟਾਂਡਾ ਥਾਣੇ ਦੇ ਐਸਐਚਓ ਇੰਸਪੈਕਟਰ ਓਂਕਾਰ ਸਿੰਘ ਉਤੇ ਗੰਭੀਰ ਇਲਜ਼ਾਮ ਲਗਾਏ ਹਨ। ਉਸ ਨੇ ਵੀਡੀਓ ਵਿਚ ਦੱਸਿਆ ਕਿ ਮੈਂ ਟਾਂਡਾ ਥਾਣੇ ਵਿਚ ਬਤੌਰ ਤਫ਼ਤੀਸ਼ੀ ਅਫ਼ਸਰ ਲੱਗਾ ਹੋਇਆ ਹਾਂ। ਜਦੋਂ ਐਸਐਚਓ ਟਾਂਡਾ ਚੈਕਿੰਗ ਦੌਰਾਨ ਆਏ ਤੇ ਉਨ੍ਹਾਂ ਨੇ ਮੈਨੂੰ ਬੁਲਾਇਆ ਤੇ ਹਾਈ ਕੋਰਟ ਵਿਚ ਲੱਗੇ ਮੈਟਰ ਬਾਰੇ ਪੁੱਛਿਆ ਤੇ ਮੈਂ ਕਿਹਾ ਕਿ ਇਕੋ ਮੈਟਰ ਲੱਗਾ ਹੈ ਤੇ ਉਸ ਬਾਰੇ ਸਬੰਧਤ ਮੁਲਾਜ਼ਮ ਨੂੰ ਪਤਾ ਹੈ। ਏਨਾ ਕਹਿਣ ਉਤੇ ਉਨ੍ਹਾਂ ਮੈਨੂੰ ਗਾਲ੍ਹਾਂ ਕੱਢੀਆਂ ਤੇ ਬੇਹੱਦ ਜ਼ਲੀਲ ਕੀਤਾ। ਇਸ ਦੇ ਨਾਲ ਹੀ ਰੋਜ਼ਾਨਮਚੇ ਵਿਚ ਵੀ ਮੇਰੇ ਖਿਲਾਫ਼ ਕਾਰਵਾਈ ਲਿਖ ਗਏ।
ਮ੍ਰਿਤਕ ਏਐਸਆਈ ਦੇ ਭਰਾਵਾਂ ਅਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਉਸ ਦੇ ਭਰਾ ਸਤੀਸ਼ ਦੀ ਮੌਤ ਲਈ ਐਸਐਚਓ ਓਂਕਾਰ ਸਿੰਘ ਜ਼ਿੰਮੇਵਾਰ ਹੈ। ਉਸ ਨੇ ਆਪਣੇ ਭਰਾ ਨੂੰ ਥਾਣੇ 'ਚ ਸਟਾਫ ਦੇ ਸਾਹਮਣੇ ਗਾਲ੍ਹਾਂ ਕੱਢ ਕੇ ਇੰਨਾ ਜ਼ਲੀਲ ਕੀਤਾ ਕਿ ਉਹ ਖੁਦਕੁਸ਼ੀ ਵਰਗਾ ਕਦਮ ਚੁੱਕਣ ਲਈ ਮਜਬੂਰ ਹੋ ਗਿਆ। ਐਸਐਚਓ ਦੀ ਬਦੌਲਤ ਹੀ ਉਸਦੇ ਭਰਾ ਨੇ ਖ਼ੁਦਕੁਸ਼ੀ ਕੀਤੀ ਹੈ ਅਤੇ ਉਸ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਿਸ ਨੇ ਕਾਰਵਾਈ ਜਾਰੀ ਕਰ ਦਿੱਤੀ ਹੈ।
-PTC News
ਇਹ ਵੀ ਪੜ੍ਹੋ : ਪੰਜਾਬ ਤੇ ਦਿੱਲੀ ਦੀਆਂ ਸਰਕਾਰਾਂ ਬਣਾ ਰਹੀਆਂ ਪਰਾਲੀ ਦੀ ਸਮੱਸਿਆ ਨੂੰ ਠੱਲ ਪਾਉਣ ਦੀ ਯੋਜਨਾ