Arunachal Pradesh Landslide: ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਕਾਰਨ ਤਿੰਨ ਲੋਕਾਂ ਦੀ ਹੋਈ ਮੌਤ
Arunachal Pradesh Landslide: ਅਰੁਣਾਚਲ ਪ੍ਰਦੇਸ਼ ਦੇ ਕੁਰੁੰਗ ਕੁਮੇ ਜ਼ਿਲੇ ਵਿੱਚ ਭਾਰੀ ਮੀਂਹ ਕਾਰਨ ਹੋਏ ਭਿਆਨਕ ਜ਼ਮੀਨ ਖਿਸਕਣ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ। ਸੂਬੇ ਦੇ ਅਧਿਕਾਰੀਆਂ ਅਨੁਸਾਰ, ਪਿਛਲੇ ਇੱਕ ਹਫ਼ਤੇ ਤੋਂ ਲਗਾਤਾਰ ਮੀਂਹ ਨੇ ਸੂਬੇ ਵਿੱਚ ਭਾਰੀ ਤਬਾਹੀ ਮਚਾਈ ਹੈ ਜਿਸ ਕਾਰਨ ਕਈ ਇਲਾਕਿਆਂ ਦਾ ਸੜਕੀ ਸੰਪਰਕ ਟੁੱਟ ਗਿਆ ਹੈ ਅਤੇ ਸੜਕ ਕਿਨਾਰੇ ਲੱਗੇ ਦਰੱਖਤ ਉੱਖੜ ਗਏ ਹਨ ਅਤੇ ਇਸ ਦੇ ਨਾਲ ਹੀ ਕਈ ਘਰਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਵਧੀਕ ਜ਼ਿਲ੍ਹਾ ਕਮਿਸ਼ਨਰ ਓਸ਼ਨ ਗਾਓ ਨੇ ਕਿਹਾ ਕਿ ਕੋਲੋਰਿਆਂਗ ਸਰਕਲ ਦੇ ਸੁਲੁੰਗ ਤਾਪਿਨ ਪਿੰਡ ਵਿੱਚ ਸੋਮਵਾਰ ਨੂੰ ਇੱਕ ਭਾਰੀ ਢਿੱਗਾਂ ਡਿੱਗੀਆਂ, ਜਿਸ ਵਿੱਚ ਘੱਟੋ-ਘੱਟ 15 ਘਰ ਨੁਕਸਾਨੇ ਗਏ ਅਤੇ ਤਿੰਨ ਲੋਕ ਮਲਬੇ ਹੇਠ ਜ਼ਿੰਦਾ ਦੱਬ ਗਏ। ਏਡੀਸੀ ਅਨੁਸਾਰ ਮ੍ਰਿਤਕਾਂ ਦੀ ਪਛਾਣ ਸਰਯੂ ਤੋਂਗਡਾਂਗ (52), ਸਰਯੂ ਯਾਜਿਕ (47) ਅਤੇ ਸਰਯੂ ਟਾਕਰ (9) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਵਿੱਚ ਇੱਕ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਿਆ ਹੈ। ਇਹ ਵੀ ਪੜ੍ਹੋ:ਪਿਸਤੌਲ ਦੇ ਜ਼ੋਰ 'ਤੇ ਕਾਰ ਲੁੱਟੀ, ਚੱਲਦੀ ਕਾਰ 'ਚੋਂ ਔਰਤ ਨੂੰ ਸੁੱਟਿਆ ਬਾਹਰ ਪਰਿਵਾਰਾਂ ਨੂੰ ਮੁੜ ਵਸੇਬਾ ਕੇਂਦਰਾਂ ਵਿੱਚ ਰੱਖਿਆ ਗਿਆ ਹੈ ਅਤੇ ਰਾਹਤ ਗਰਾਂਟਾਂ ਦਿੱਤੀਆਂ ਗਈਆਂ ਹਨ। ਇਕ ਰਿਪੋਰਟ ਦੇ ਮੁਤਾਬਿਕ ਭਾਰੀ ਮੀਂਹ ਨੇ ਕੁਰੁੰਗ ਕੁਮੇ ਜ਼ਿਲ੍ਹੇ ਵਿੱਚ ਸਰਹੱਦੀ ਸੜਕਾਂ ਖਾਸ ਕਰਕੇ ਕੋਲੋਰਿਆਂਗ-ਸਰਲੀ-ਹੁਰੀ ਸੜਕ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਇਨ੍ਹਾਂ ਮਾਰਗਾਂ 'ਤੇ ਸੁਰੱਖਿਆ ਬਲਾਂ ਦੀ ਆਵਾਜਾਈ ਪੂਰੀ ਤਰ੍ਹਾਂ ਵਿਘਨ ਪਈ ਹੈ। ਉਨ੍ਹਾਂ ਅੱਗੇ ਕਿਹਾ ਕਿ ਬੀ.ਆਰ.ਓ. ਦੇ ਕਰਮਚਾਰੀ ਆਵਾਜਾਈ ਨੂੰ ਸੁਚਾਰੂ ਬਣਾਉਣ ਲਈ ਢਿੱਗਾਂ ਡਿੱਗਣ ਵਾਲੀਆਂ ਸਾਰੀਆਂ 21 ਥਾਵਾਂ 'ਤੇ ਮਲਬਾ ਹਟਾਉਣ ਲਈ 24 ਘੰਟੇ ਕੰਮ ਕਰ ਰਹੇ ਹਨ। ਦੱਸ ਦੇਈਏ ਕਿ ਇਸ ਖੇਤਰ ਵਿੱਚ 17 ਅਪ੍ਰੈਲ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ। ਜਿਸ ਕਾਰਨ ਕਈ ਥਾਵਾਂ 'ਤੇ ਜ਼ਮੀਨ ਖਿਸਕਣ ਦੀਆਂ ਘਟਨਾਵਾਂ ਵੀ ਵਾਪਰੀਆਂ ਹਨ। ਇਸ ਕਾਰਨ ਇਲਾਕੇ ਵਿੱਚ ਬਿਜਲੀ ਅਤੇ ਪਾਣੀ ਦੀ ਸਪਲਾਈ ਵਿੱਚ ਵੀ ਵਿਘਨ ਪਿਆ ਹੈ। ਇਸ ਦੇ ਨਾਲ ਹੀ ਕਈ ਸੜਕਾਂ ਨੂੰ ਵੀ ਇਸ ਕਾਰਨ ਬੰਦ ਕਰ ਦਿੱਤਾ ਗਿਆ ਹੈ ਤਾਂ ਜੋ ਕੋਈ ਵੱਡਾ ਹਾਦਸਾ ਨਾ ਵਾਪਰੇ। ਮ੍ਰਿਤਕ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਹਾਦਸਾ ਰਾਤ ਸਮੇਂ ਵਾਪਰਿਆ। ਜਦੋਂ ਜ਼ਮੀਨ ਖਿਸਕਣ ਕਾਰਨ ਉਨ੍ਹਾਂ ਦੇ ਘਰ ਦੇ ਤਿੰਨ ਮੈਂਬਰ ਮਲਬੇ ਹੇਠ ਜ਼ਿੰਦਾ ਦੱਬ ਗਏ ਤਾਂ ਸਾਰੇ ਲੋਕ ਘਰ ਵਿੱਚ ਮੌਜੂਦ ਸਨ। -PTC News