ਹਵਾਈ ਅੱਡੇ 'ਤੇ ਸਾਮਾਨ 'ਚ ਸਨਾਈਪਰ ਰਾਈਫਲ ਦੇ ਕਾਰਤੂਸ ਲਿਜਾ ਰਿਹਾ ਨੌਜਵਾਨ ਕਾਬੂ
ਅੰਮ੍ਰਿਤਸਰ : ਅੰਮ੍ਰਿਤਸਰ ਵਿਖੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਉਤੇ ਦੁਬਈ ਜਾਂਦੇ ਹੋਏ ਇਕ ਨੌਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਦੋਂ ਸੁਰੱਖਿਆ ਮੁਲਾਜ਼ਮਾਂ ਨੇ ਉਸ ਦੇ ਸਾਮਾਨ ਦੀ ਜਾਂਚ ਕੀਤੀ ਤਾਂ ਉਸ ਵਿੱਚੋਂ ਸਨਾਈਪਰ ਰਾਈਫਲਾਂ ਵਿੱਚ ਵਰਤੀਆਂ ਜਾਣ ਵਾਲੀਆਂ ਦੋ ਗੋਲੀਆਂ ਬਰਾਮਦ ਹੋਈਆਂ, ਜਿਸ ਤੋਂ ਬਾਅਦ ਨੌਜਵਾਨ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਫੜੇ ਗਏ ਨੌਜਵਾਨ ਦੀ ਪਛਾਣ ਹੀਰਾ ਸਿੰਘ ਵਾਸੀ ਹਰੀਕੇ ਪੱਤਣ ਜ਼ਿਲ੍ਹਾ ਤਰਨਤਾਰਨ ਪੱਟੀ ਵਜੋਂ ਹੋਈ ਹੈ। ਇਹ ਨੌਜਵਾਨ ਆਪਣੇ ਪਾਸਪੋਰਟ ਨੰਬਰ K9705494 ਉਪਰ ਵੀਜ਼ਾ ਲਗਵਾ ਕੇ ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਪਹੁੰਚਿਆ ਸੀ। ਉਸ ਨੇ ਸਪਾਈਸ ਜੈੱਟ ਦੀ ਫਲਾਈਟ ਨੰਬਰ ਐਸਜੀ 55 ਵਿੱਚ ਦੁਬਈ ਜਾਣਾ ਸੀ। ਇਸ ਮੌਕੇ ਹਵਾਈ ਅੱਡੇ ਉਤੇ ਤਾਇਨਾਤ ਸੁਰੱਖਿਆ ਮੁਲਾਜ਼ਮ ਪੁੱਜੇ ਅਤੇ ਸਾਮਾਨ ਦੀ ਜਾਂਚ ਸ਼ੁਰੂ ਕਰ ਦਿੱਤੀ। ਐਕਸਰੇ ਮਸ਼ੀਨ 'ਚ ਉਸ ਦੇ ਸਾਮਾਨ 'ਚ ਕੁਝ ਸ਼ੱਕੀ ਪਾਇਆ ਗਿਆ, ਜਿਸ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਹਵਾਈ ਅੱਡੇ ਦੀ ਸੁਰੱਖਿਆ ਸੁਪਰਵਾਈਜ਼ਰ ਨੀਤਿਕਾ ਸ਼ਰਮਾ ਨੇ ਹੀਰਾ ਸਿੰਘ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕਰ ਦਿੱਤਾ। ਮੁਲਜ਼ਮ ਦੇ ਬੈਗ ਵਿੱਚੋਂ 7.64 ਬੋਰ ਦੀਆਂ ਦੋ ਗੋਲੀਆਂ ਬਰਾਮਦ ਹੋਈਆਂ। ਇਹ ਗੋਲੀਆਂ ਰਸ਼ੀਅਨ ਆਰਮੀ ਵੱਲੋਂ ਵਰਤੀਆਂ ਜਾਂਦੀਆਂ ਹਨ ਅਤੇ ਇਨ੍ਹਾਂ ਦੀ ਵਰਤੋਂ ਸਨਾਈਪਰ ਰਾਈਫਲਾਂ ਵਿੱਚ ਵੀ ਕੀਤੀ ਜਾਂਦੀ ਹੈ, ਜਿਸ ਤੋਂ ਬਾਅਦ ਥਾਣਾ ਏਅਰਪੋਰਟ ਦੀ ਪੁਲਿਸ ਨੇ ਮੁਲਜ਼ਮ ਹੀਰਾ ਖ਼ਿਲਾਫ਼ ਆਈਪੀਸੀ 25/54/59ਏ ਤਹਿਤ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਕੋਲੋਂ ਇਸ ਸਬੰਧੀ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਕਿ ਉਹ ਕਿਸ ਮਕਸਦ ਲਈ ਇਹ ਕਾਰਤੂਸ ਲੈ ਕੇ ਜਾ ਰਿਹਾ ਸੀ। ਇਹ ਵੀ ਪੜ੍ਹੋ : ਪੁਲਿਸ ਨੇ ਗਹਿਣਿਆਂ ਦੀ ਦੁਕਾਨ 'ਤੇ ਲੁੱਟ ਦੀ ਗੁੱਥੀ ਸੁਲਝਾਈ, ਚਾਰ ਗ੍ਰਿਫ਼ਤਾਰ