ਫ਼ੌਜ ਦਾ ਡਰੋਨ ਉਡਾਨ ਭਰਨ ਪਿਛੋਂ ਹੋਇਆ ਗਾਇਬ, ਪੁਲਿਸ ਨੂੰ ਦਿੱਤੀ ਸ਼ਿਕਾਇਤ
ਲੁਧਿਆਣਾ : ਮੋਹਾਲੀ ਵਿੱਚ ਪੰਜਾਬ ਇੰਟੈਲੀਜੈਂਸ ਹੈੱਡਕੁਆਰਟਰ ਉਤੇ ਹੋਏ ਹਮਲੇ ਤੋਂ ਬਾਅਦ ਜਿੱਥੇ ਪੰਜਾਬ 'ਚ ਰੈਡ ਅਲਰਟ ਜਾਰੀ ਹੈ ਉਥੇ ਹੀ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤੇ ਸੁਰੱਖਿਆ ਬਲ ਤਾਇਨਾਤ ਕੀਤੇ ਗਏ ਹਨ। ਸੰਵੇਦਨਸ਼ੀਲ ਥਾਵਾਂ ਉਤੇ ਸੁਰੱਖਿਆ ਦੇ ਪ੍ਰਬੰਧ ਪੁਖ਼ਤਾ ਕੀਤੇ ਗਏ ਹਨ। ਇਸ ਦਰਮਿਆਨ ਹੀ ਲੁਧਿਆਣਾ ਦੇ ਢੋਲੇਵਾਲ ਆਰਮੀ ਕੰਪਲੈਕਸ ਤੋਂ ਟੇਕ ਆਫ ਹੋਣ ਤੋਂ ਬਾਅਦ ਡਰੋਨ ਦੇ ਅਚਾਨਕ ਗਾਇਬ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਕਾਰਨ ਫੌਜ ਅਤੇ ਪੁਲਿਸ ਵਿੱਚ ਭੱਜ ਦੌੜ ਮਚ ਗਈ। ਫ਼ੌਜ ਦੇ ਮੁਲਾਜ਼ਮ ਤੁਰੰਤ ਡਰੋਨ ਨੂੰ ਲੱਭਣ ਵਿੱਚ ਜੁੱਟ ਗਏ। ਫ਼ੌਜ ਵੱਲੋਂ ਇਸ ਸਬੰਧੀ ਸਥਾਨਕ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਡਰੋਨ ਦੀ ਭਾਲ ਜਾਰੀ ਕੀਤੀ ਹੈ। ਲੁਧਿਆਣਾ ਦਿਹਾਤੀ ਦੇ ਜੁਆਇੰਟ ਪੁਲਿਸ ਕਮਿਸ਼ਨਰ ਰਵਚਰਨ ਸਿੰਘ ਬਰਾੜ ਨੇ ਦੱਸਿਆ ਕਿ ਉਨ੍ਹਾਂ ਨੂੰ ਫ਼ੌਜ ਤੋਂ ਸੂਚਨਾ ਮਿਲੀ ਸੀ ਕਿ ਉਨ੍ਹਾਂ ਦਾ ਇੱਕ ਡਰੋਨ ਟੇਕ ਆਫ਼ ਕਰਨ ਤੋਂ ਬਾਅਦ ਅਚਾਨਕ ਗਾਇਬ ਹੋ ਗਿਆ। ਹਾਲਾਂਕਿ ਉਹ ਇਸ ਸਬੰਧੀ ਜ਼ਿਆਦਾ ਜਾਣਕਾਰੀ ਨਹੀਂ ਦੇ ਸਕਦੇ। ਖਾਸ ਗੱਲ ਇਹ ਹੈ ਕਿ ਡਰੋਨ ਨੂੰ ਫੌਜ ਨੇ ਜਾਂਚ ਲਈ ਉਡਾਇਆ ਸੀ ਪਰ ਕੁਝ ਸਮੇਂ ਬਾਅਦ ਇਸ ਦਾ ਸਿਗਨਲ ਰਿਮੋਟ ਤੋਂ ਕੱਟ ਦਿੱਤਾ ਗਿਆ। ਇਸ ਤੋਂ ਤੁਰੰਤ ਬਾਅਦ ਫੌਜ ਹਰਕਤ ਵਿੱਚ ਆ ਗਈ। ਇਸ ਤੋਂ ਬਾਅਦ ਫ਼ੌਜ ਦੇ ਜਵਾਨ ਵੀ ਉਸ ਦੀ ਭਾਲ ਕਰਦੇ ਰਹੇ ਪਰ ਉਹ ਨਹੀਂ ਮਿਲਿਆ। ਹਾਲਾਂਕਿ ਖਟਾਣਾ ਡਿਵੀਜ਼ਨ ਨੰਬਰ-7 ਖੇਤਰ ਤੋਂ ਡਰੋਨ ਦਾ ਜੀਪੀਐਸ ਸਿਗਨਲ ਮਿਲ ਰਿਹਾ ਸੀ। ਸੁਰੱਖਿਆ ਨਾਲ ਜੁੜਿਆ ਮਾਮਲਾ ਹੋਣ ਕਾਰਨ ਪੁਲਿਸ ਅਤੇ ਫ਼ੌਜ ਨੇ ਇਸ ਨੂੰ ਲੱਭਣ ਲਈ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਬਾਅਦ ਪੁਲਿਸ ਨੇ ਵੱਡੇ ਪੱਧਰ ਉਤੇ ਡਰੋਨ ਦੀ ਭਾਲ ਲਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਹ ਵੀ ਪੜ੍ਹੋ : ਸਿੱਖ ਪ੍ਰਚਾਰਕ ਭਾਈ ਗੁਰਪ੍ਰੀਤ ਸਿੰਘ 'ਮੰਨੀ' 'ਤੇ ਜਾਨਲੇਵਾ ਹਮਲਾ, ਜਾਨੀ ਨੁਕਸਾਨ ਤੋਂ ਬਚਾਅ