ਪੱਕੇ ਕਿਸਾਨ ਮੋਰਚੇ ਦੇ 13ਵੇਂ ਦਿਨ ਇਕ ਹੋਰ ਕਿਸਾਨ ਦੀ ਗਈ ਜਾਨ
ਸੰਗਰੂਰ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਮੰਨੀਆਂ ਹੋਈਆਂ ਮੰਗਾਂ ਨੂੰ ਲਾਗੂ ਕਰਵਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਦੀ ਕੋਠੀ ਅੱਗੇ ਅਣਮਿੱਥੇ ਸਮੇਂ ਲਈ ਲੱਗੇ ਪੱਕੇ ਮੋਰਚੇ ਚ 13ਵੇਂ ਦਿਨ ਜੱਥੇਬੰਦੀ ਦਾ ਕਿਸਾਨ ਕਾਰਕੁੰਨ ਪਿੰਡ ਅਕੋਈ ਸਾਹਿਬ ਜ਼ਿਲ੍ਹਾ ਸੰਗਰੂਰ ਦੇ ਰਹਿਣ ਵਾਲੇ ਕਰਨੈਲ ਸਿੰਘ ਦੀ ਮੋਰਚੇ ਵਿਚ ਅਚਾਨਕ ਮੌਤ ਹੋ ਗਈ।
ਕਰਨੈਲ ਸਿੰਘ ਦਿੱਲੀ ਮੋਰਚੇ ਵਿਚ ਵੱਡੀ ਹਾਜ਼ਰੀ ਸੀ। ਮੰਗਾਂ ਲਾਗੂ ਕਰਨ 'ਚ ਲਗਾਤਾਰ ਕੀਤੇ ਜਾ ਰਹੇ ਟਾਲਮਟੋਲ ਵਿਰੁੱਧ ਇੱਥੇ ਲਾਏ ਗਏ ਪੱਕੇ ਕਿਸਾਨ ਮੋਰਚੇ ਦੇ ਤੇਰ੍ਹਵੇਂ ਅੱਜ ਇੱਕ ਹੋਰ ਕਿਸਾਨ ਪਿੰਡ ਅਕੋਈ ਸਾਹਿਬ ਦਾ ਕਰਨੈਲ ਸਿੰਘ ਅਚਾਨਕ ਦਿਲ ਦੀ ਧੜਕਣ ਬੰਦ ਹੋਣ ਕਾਰਨ ਜਾਨ ਚਲੀ ਗਈ। ਸਟੇਜ ਦੀ ਸ਼ੁਰੂਆਤ ਪੂਰੇ ਪੰਡਾਲ ਵੱਲੋਂ ਖੜ੍ਹੇ ਹੋ ਕੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਹੀਦ ਨੂੰ ਸ਼ਰਧਾਂਜਲੀ ਭੇਂਟ ਕਰਨ ਰਾਹੀਂ ਕੀਤੀ ਗਈ। ਕਾਬਿਲੇਗੌਰ ਹੈ ਕਿ ਕੁਝ ਪਹਿਲਾਂ ਸੜਕਾਂ ਉਤੇ ਦਿਨ ਕੱਟਣ ਲਈ ਮਜਬੂਰ ਇਕ ਕਿਸਾਨ ਦੀ ਜਾਨ ਜਾ ਚੁੱਕੀ ਹੈ।
ਇਹ ਵੀ ਪੜ੍ਹੋ : ਡਿਪਟੀ ਕਮਿਸ਼ਨਰ ਵੱਲੋਂ 39ਵੇਂ ਸੁਰਜੀਤ ਹਾਕੀ ਟੂਰਨਾਮੈਂਟ ਦਾ ਪੋਸਟਰ ਰਿਲੀਜ਼
ਸੂਬਾ ਪ੍ਰੈੱਸ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਇਕੱਠ ਨੂੰ ਸੰਬੋਧਨ ਕਰਦਿਆਂ ਇਸ ਮੌਤ ਲਈ ਵੀ ਆਮ ਆਦਮੀ ਪਾਰਟੀ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਜਿਸ ਵੱਲੋਂ ਮੰਗਾਂ ਲਾਗੂ ਕਰਨ ਪ੍ਰਤੀ ਲਗਾਤਾਰ ਚੁੱਪ ਵੱਟ ਕੇ ਧਰਨਾਕਾਰੀਆਂ 'ਚ ਭਾਰੀ ਰੋਸ ਰੋਹ ਪਾਇਆ ਜਾ ਰਿਹਾ ਹੈ। ਇਸ ਕਾਰਨ ਕਿਸਾਨ ਧਰਨੇ ਉਤੇ ਬੈਠਣ ਲਈ ਮਜਬੂਰ ਹਨ। ਮੁੱਖ ਮੰਤਰੀ ਦੀ ਕੋਠੀ ਨੂੰ ਜਾਂਦੀ ਸੜਕ ਦਾ ਪਟਿਆਲਾ ਰੋਡ ਵਾਲਾ ਪਾਸਾ ਲਗਾਤਾਰ ਜਾਮ ਰੱਖਣ ਦਾ ਐਲਾਨ ਕਰਦੇ ਹੋਏ ਉਨ੍ਹਾਂ ਦੋਸ਼ ਲਾਇਆ ਕਿ ਯਾਦ ਪੱਤਰ ਦੀਆਂ ਮੰਗਾਂ ਸਮੇਤ ਛੇ ਦਿਨ ਪਹਿਲਾਂ ਸ਼ਹੀਦ ਹੋਏ ਕਿਸਾਨ ਦੇ ਵਾਰਸਾਂ ਨੂੰ ਮੁਆਵਜ਼ੇ ਸਬੰਧੀ ਵੀ ਮੁੱਖ ਮੰਤਰੀ ਚੁੱਪ ਧਾਰੀ ਬੈਠੇ ਹਨ।
-PTC News