ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ 'ਚ ਇਕ ਹੋਰ ਗ੍ਰਿਫ਼ਤਾਰੀ
ਮੋਗਾ : ਪੰਜਾਬੀ ਮਕਬੂਲ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ ਨੂੰ ਲੈ ਕੇ ਪੁਲਿਸ ਨੇ ਇਕ ਹੋਰ ਗ੍ਰਿਫ਼ਤਾਰੀ ਕੀਤੀ ਹੈ। ਐਤਵਾਰ ਰਾਤ ਨੂੰ ਪੰਜਾਬ ਪੁਲਿਸ ਨੇ ਇੱਕ ਵਾਰ ਫਿਰ ਹਰਿਆਣਾ ਦੇ ਫਤਿਹਾਬਾਦ ਵਿੱਚ ਛਾਪੇਮਾਰੀ ਕੀਤੀ। ਮੋਗਾ ਪੁਲਿਸ ਨੇ ਸੀਆਈਏ ਦੀ ਮਦਦ ਨਾਲ ਦਵਿੰਦਰ ਉਰਫ਼ ਕਾਲਾ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਤੋਂ ਪਹਿਲਾਂ ਪੁਲਿਸ ਨੇ ਪਵਨ ਤੇ ਨਸੀਬ ਨੂੰ ਭੀਰਡਾਨਾ ਤੋਂ ਗ੍ਰਿਫ਼ਤਾਰ ਕੀਤਾ ਸੀ। ਦੋਵਾਂ ਤੋਂ ਹੋਈ ਪੁੱਛਗਿੱਛ ਦੇ ਆਧਾਰ ਉਤੇ ਦਵਿੰਦਰ ਉਰਫ ਕਾਲਾ ਨੂੰ ਕਾਬੂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਪ੍ਰਸਿੱਧ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਅਣਪਛਾਤੇ ਹਮਲਾਵਰਾਂ ਨੇ ਪੰਜਾਬੀ ਗਾਇਕ ਤੇ ਉਸ ਦੇ ਸਾਥੀਆਂ ਉਤੇ ਅੰਨੇਵਾਹ ਫਾਇਰਿੰਗ ਕੀਤੀ ਸੀ, ਜਿਸ ਕਾਰਨ ਸਿੱਧੂ ਮੂਸੇਵਾਲਾ ਤੇ ਉਸ ਦੇ ਦੋ ਸਾਥੀ ਗੰਭੀਰ ਜ਼ਖਮੀ ਹੋ ਗਏ ਸਨ। ਇਨ੍ਹਾਂ ਨੂੰ ਤੁਰੰਤ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ ਸਿੱਧੂ ਮੂਸੇਵਾਲਾ ਦੀ ਮੌਤ ਹੋ ਗਈ ਸੀ। ਐਸਐਸਪੀ ਮਾਨਸਾ ਨੇ ਪੰਜਾਬੀ ਗਾਇਕ ਦੀ ਮੌਤ ਦੀ ਪੁਸ਼ਟੀ ਕਰਦਿਆਂ ਦੱਸਿਆ ਸੀ ਕਿ ਨਜ਼ਦੀਕੀ ਪਿੰਡ ਜਵਾਹਰਕੇ ਦੇ ਮਾਤਾ ਰਾਣੀ ਚੌਂਕ ਵਿਚ ਸਿੱਧੂ ਮੂਸੇਵਾਲਾ ਆਪਣੇ ਦੋਸਤਾਂ ਸਮੇਤ ਥਾਰ ਗੱਡੀ ਉਤੇ ਆਪਣੇ ਪਿੰਡ ਮੂਸਾ ਵਿਖੇ ਜਾ ਰਹੇ ਸੀ ਤਾਂ ਅਚਾਨਕ ਇਕ ਕਾਲੇ ਰੰਗ ਦੀ ਗੱਡੀ ਵਿਚ ਸਵਾਰ ਹੋ ਕੇ ਆਏ ਕੁੱਝ ਅਣਪਛਾਤੇ ਵਿਅਕਤੀਆਂ ਵਲੋਂ ਉਨ੍ਹਾਂ ’ਤੇ ਅੰਨ੍ਹੇਵਾਹ ਫਾਇਰਿੰਗ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਵਿਰੋਧੀ ਧਿਰਾਂ ਦੇ ਨਿਸ਼ਾਨੇ ਉਤੇ ਆਈ ਪੰਜਾਬ ਸਰਕਾਰ ਨੇ ਹਰਕਤ ਵਿੱਚ ਆਉਂਦੇ ਹੋਏ ਛਾਪੇਮਾਰੀ ਸ਼ੁਰੂ ਕਰ ਦਿੱਤੀ ਸੀ ਅਤੇ ਵੱਖ-ਵੱਖ ਸੂਬਿਆਂ ਵਿੱਚ ਪੁਲਿਸ ਟੀਮ ਭੇਜ ਦਿੱਤੀਆਂ ਸਨ। ਇਸ ਤੋਂ ਇਲਾਵਾ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿਛ ਲਈ ਤਿਆਰੀ ਵੀ ਵਿੱਢੀ ਹੋਈ ਹੈ। ਗੈਂਗਸਟਰਾਂ ਉਤੇ ਖਾਸ ਨਜ਼ਰ ਰੱਖੀ ਜਾ ਰਹੀ ਹੈ। ਇਹ ਵੀ ਪੜ੍ਹੋ : ਯਮੁਨੋਤਰੀ ਰਾਸ਼ਟਰੀ ਰਾਜਮਾਰਗ 'ਤੇ ਖੱਡ 'ਚ ਡਿੱਗੀ ਬੱਸ, 16 ਯਾਤਰੀਆਂ ਦੀ ਮੌਤ, ਬਚਾਅ ਕਾਰਜ ਜਾਰੀ