ਦਿੱਲੀ ਸ਼ਰਾਬ ਘੁਟਾਲੇ ਵਿੱਚ ਇੱਕ ਹੋਰ ਗ੍ਰਿਫ਼ਤਾਰੀ
ਨਵੀਂ ਦਿੱਲੀ, 28 ਸਤੰਬਰ: ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਬੁੱਧਵਾਰ ਨੂੰ ਦਿੱਲੀ ਸ਼ਰਾਬ ਘੁਟਾਲੇ ਦੇ ਸਬੰਧ ਵਿੱਚ ਸ਼ਰਾਬ ਕਾਰੋਬਾਰੀ ਸਮੀਰ ਮਹਿੰਦਰੂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਪਹਿਲਾਂ ਮੰਗਲਵਾਰ ਸ਼ਾਮੀ ਸੀਬੀਆਈ ਨੇ ਇੱਕ ਕਾਰੋਬਾਰੀ ਵਿਜੇ ਨਾਇਰ ਨੂੰ ਗ੍ਰਿਫ਼ਤਾਰ ਕੀਤਾ ਸੀ। ਸ਼ਰਾਬ ਘੁਟਾਲੇ ਦੇ ਮਾਮਲੇ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਸਮੇਤ 16 ਲੋਕਾਂ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਦੱਸਣਯੋਗ ਹੈ ਕਿ ਸੀਬੀਆਈ ਨੇ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਕੱਲ੍ਹ ਪਹਿਲੀ ਗ੍ਰਿਫ਼ਤਾਰੀ ਕੀਤੀ ਸੀ। ਇਸ ਮਾਮਲੇ 'ਚ ਜਾਂਚ ਏਜੰਸੀ ਨੇ ਮੁਲਜ਼ਮ ਵਿਜੇ ਨਾਇਰ ਨੂੰ ਗ੍ਰਿਫ਼ਤਾਰ ਕੀਤਾ ਜੋ ਕਿ ਇੱਕ ਮਨੋਰੰਜਨ ਅਤੇ ਇਵੈਂਟ ਮੀਡੀਆ ਕੰਪਨੀ ਦਾ ਸਾਬਕਾ ਸੀ.ਈ.ਓ. ਹੈ। ਇਸ ਤੋਂ ਪਹਿਲਾਂ ਈਡੀ ਨੇ ਉਨ੍ਹਾਂ ਦੇ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਸੀ। ਵਿਜੇ ਨੂੰ ਇਸ ਕਥਿਤ ਘੁਟਾਲੇ ਦਾ ਮੁੱਖ ਸਾਜ਼ਿਸ਼ਕਾਰ ਦੱਸਿਆ ਜਾ ਰਿਹਾ ਹੈ। ਵਿਜੇ ਨਾਇਰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੇ ਕਰੀਬੀ ਹਨ। ਇਹ ਵੀ ਪੜ੍ਹੋ: ਜੇਲ੍ਹ 'ਚ ਬੰਦ ਬੇਅਦਬੀ ਦੇ ਮੁਲਜ਼ਮਾਂ ਦੀ ਕੁੱਟਮਾਰ ਕਰਨ ਵਾਲੇ ਸਿੱਖਾਂ ਨੂੰ ਐਸਜੀਪੀਸੀ ਦੇਵੇਗੀ ਇਨਾਮ ਭਾਜਪਾ ਨੇਤਾ ਹਰੀਸ਼ ਖੁਰਾਣਾ ਨੇ ਵਿਜੇ ਦੀ ਗ੍ਰਿਫ਼ਤਾਰੀ 'ਤੇ ਟਵੀਟ ਕਰਕੇ ਮਨੀਸ਼ ਸਿਸੋਦੀਆ ਨੂੰ ਚਿਤਾਵਨੀ ਦਿੱਤੀ ਹੈ। ਉਨ੍ਹਾਂ ਲਿਖਿਆ, ਸਿਸੋਦੀਆ ਜੀ, ਸ਼ੁਰੂਆਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਇਸ ਨੂੰ ਗੁਜਰਾਤ ਚੋਣਾਂ ਤੋਂ ਪਹਿਲਾਂ ਇਸਨੂੰ ਭਾਜਪਾ ਦੀ ਸਾਜ਼ਿਸ਼ ਕਰਾਰ ਦਿੱਤਾ ਹੈ। -PTC News