ਚੰਨੀ ਨੂੰ ਮੁੱਖ ਮੰਤਰੀ ਚਿਹਰਾ ਐਲਾਨਣਾ ਰੇਤ ਮਾਫੀਆ ਦੀ ਜਿੱਤ: ਸੁਖਬੀਰ ਸਿੰਘ ਬਾਦਲ
ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਕਾਂਗਰਸ ਪਾਰਟੀ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਉਮੀਦਵਾਰ ਵਜੋਂ ਨਾਮਜ਼ਦਗੀ ਰੇਤ ਮਾਫੀਆ ਦੀ ਜਿੱਤ ਹੈ।
ਇਹ ਵੀ ਪੜ੍ਹੋ: ਕਾਂਗਰਸ ਨੇ ਠਹਿਰਾਇਆ ਚਰਨਜੀਤ ਸਿੰਘ ਚੰਨੀ ਨੂੰ ਪਹਿਲੀ ਪਸੰਦ, ਐਲਾਨਿਆ ਮੁੱਖ ਮੰਤਰੀ ਚਿਹਰਾ
ਅਕਾਲੀ ਦਲ ਦੇ ਪ੍ਰਧਾਨ, ਜੋ ਪਾਰਟੀ ਦੇ ਉਮੀਦਵਾਰ ਹਰਪਾਲ ਜੁਨੇਜਾ ਦੇ ਹੱਕ ਵਿਚ ਪ੍ਰਚਾਰ ਕਰਨ ਇਥੇ ਆਏ ਸਨ, ਨੇ ਕਿਹਾ ਕਿ ਇਹ ਹੈਰਾਨੀ ਵਾਲੀ ਪਰ ਸੱਚੀ ਗੱਲ ਹੈ ਕਿ ਰੇਤ ਮਾਫੀਆ ਨੇ ਹੀ ਕਾਂਗਰਸ ਹਾਈ ਕਮਾਂਡ ਨੂੰ ਰਾਜ਼ੀ ਕੀਤਾ ਹੈ ਤੇ ਆਪਣੀ ਉਮੀਦਵਾਰ ਪਾਰਟੀ ਸਿਰ ਮੜ੍ਹਿਆ ਹੈ। ਉਹਨਾਂ ਕਿਹਾ ਕਿ ਲੋਕਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਸਮਝ ਲਿਆ ਹੈ ਤੇ ਉਹ ਇਹ ਵੀ ਸਮਝ ਗਏ ਹਨ ਕਿ ਇਸ ਨਾਮਜ਼ਦਗੀ ਦਾ ਮਕਸਦ ਪੰਜਾਬ ਵਿਚ ਲੁੱਟ ਤੇ ਭ੍ਰਿਸ਼ਟਾਚਾਰ ਨੂੰ ਮਜ਼ਬੂਤ ਕਰਨਾ ਹੈ। ਉਹਨਾਂ ਕਿਹਾ ਕਿ ਲੋਕ ਕਾਂਗਰਸ ਪਾਰਟੀ ਨੂੰ 20 ਫਰਵਰੀ ਨੂੰ ਇਸਦਾ ਕਰਾਰਾ ਜਵਾਬ ਦੇਣਗੇ।
ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਪੰਜ ਸਾਲਾਂ ਦੌਰਾਨ ਪੰਜਾਬ ਦੇ ਪਤਨ ਦੀ ਪ੍ਰਧਾਨਗੀ ਕੀਤੀ। ਕੈਪਟਨ ਅਮਰਿੰਦਰ ਸਿੰਘ ਨੇ ਇਕ ਵੀ ਵਿਕਾਸ ਕਾਰਜ ਜਾਂ ਬੁਨਿਆਦੀ ਢਾਂਚੇ ਦਾ ਪ੍ਰਾਜੈਕਟ ਨਹੀਂ ਆਰੰਭਿਆ। ਉਹਨਾਂ ਨੇ ਆਪਣਾ ਹਲਕਾ ਜਿਸਨੇ ਉਹਨਾਂ ਨੁੰ ਵੱਡੇ ਫਰਕ ਨਾਲ ਜਿਤਾ ਕੇ ਭੇਜਿਆ ਸੀ, ਉਸਨੂੰ ਵੀ ਛੱਡ ਦਿੱਤਾ। ਉਹਨਾਂ ਨੇ ਇਥੇ ਆ ਕੇ ਹਲਕੇ ਦੇ ਲੋਕਾਂ ਨਾਲ ਮੁਲਾਕਾਤ ਕਰਨ ਦੀ ਕਦੇ ਪਰਵਾਹ ਨਹੀਂ ਕੀਤੀ ਤੇ ਨਾ ਹੀ ਇਕ ਵਾਰ ਵੀ ਉਹਨਾਂ ਦੀਆਂ ਮੁਸ਼ਕਿਲਾਂ ਸੁਣੀਆਂ ਜਾਂ ਉਹਨਾਂ ਦਾ ਨਿਪਟਾਰਾ ਕੀਤਾ।